ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਪੰਜ ਦਰਿਆ ਪੰਜਾਬ ਬਣ ਗਿਆ ਢਾਈ ਦਰਿਆ ਢਾਬ।
ਪੱਤੀ ਪੱਤੀ ਹੋ ਚੱਲਿਆ ਹੈ ਸਾਡਾ ਸੁਰਖ਼ ਗੁਲਾਬ।

ਕਿਸ ਚੰਦਰੇ ਨੇ ਲਿਖਿਆ ਹੈ ਇਹ ਜੰਗਲ ਦਾ ਕਾਨੂੰਨ,
ਅੱਖਰ ਅੱਖਰ ਖਾਣ ਨੂੰ ਆਏ ਆਦਮ ਖ਼ੋਰ ਕਿਤਾਬ।

ਸੰਕਟ ਕਾਲ 'ਚ ਜੰਮੇ ਜਾਏ ਪੁੱਛਣਗੇ ਜਦ ਸਾਨੂੰ,
ਸਿਵਿਆਂ ਦੇ ਵਿਸਥਾਰ ਦੇ ਬਾਰੇ ਕਿਹੜਾ ਦੇਊ ਜਵਾਬ।

ਸਾਹਾਂ ਦੀ ਇਹ ਡੋਰ ਭੂਤਰੇ ਸਾਨ੍ਹ ਦੇ ਪੈਰੀਂ ਉਲਝੀ,
ਮੈਂ ਜਾਣਾਂ ਜਾਂ ਮੌਲਾ ਜਾਣੇ ਹੋਈ ਜੋ ਮੇਰੀ ਬਾਬ।

ਬਾਬਾ ਨਾਨਕ ਤੇ ਮਰਦਾਨਾ ਜੋਟੀਦਾਰ ਪੁਰਾਣੇ,
ਚੁਸਤ ਮਜੌਰਾਂ ਵੱਖਰੇ ਕੀਤੇ ਬਾਣੀ ਅਤੇ ਰਬਾਬ।

ਸਤਿਲੁਜ ਤੇ ਰਾਵੀ ਵਿਚ ਡੁੱਬੀਆਂ ਹੇਕਾਂ, ਚੀਕਾਂ, ਕੂਕਾਂ,
ਹੰਝੂਆਂ ਨਾਲ ਬਿਆਸਾ ਭਰਿਆ ਨੱਕੋ-ਨੱਕ ਚਨਾਬ।

ਨ੍ਹੇਰੇ ਦੇ ਵਿਚ ਟੋਹ-ਟੋਹ ਤੁਰੀਏ ਰੋਜ਼ਾਨਾ ਹੀ ਭੁਰੀਏ,
ਸਮਝ ਨਾ ਆਵੇ ਕਦ ਮੁੱਕੇਗਾ ਯਾਰੋ ਚੰਦਰਾ ਖ਼੍ਵਾਬ।

ਬੋਲ ਮਿੱਟੀ ਦਿਆ ਬਾਵਿਆ / 80