ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਜ਼ਾਲਮ ਦੇ ਅੱਗੇ ਤਾਂ ਅੜੀਏ।
ਭਾਵੇਂ ਪੈਂਦੀ ਸੱਟੇ ਝੜੀਏ।

ਵਕਤ ਗੁਆਚਾ ਹੱਥ ਨ ਆਉਣਾ,
ਕੰਧਾਂ ਉੱਪਰ ਲਿਖਿਆ ਪੜ੍ਹੀਏ।

ਆਪਾਂ ਕਿਉਂ ਨਹੀਂ ਛਾਂ ਬਣ ਜਾਂਦੇ,
ਕਾਹਦੀ ਖ਼ਾਤਰ ਅੱਗ ਵਿਚ ਸੜੀਏ।

ਲਿਸ਼ਕਣਹਾਰ ਮੁਲੰਮੇ ਤਨ ਦੇ,
ਮਨ ਦੀ ਬੋਲੀ ਕਿੱਥੋਂ ਪੜ੍ਹੀਏ?

ਟੋਟੇ-ਟੋਟੇ ਹੋਣ ਤੋਂ ਪਹਿਲਾਂ,
ਤਲਖ਼ ਸਮੇਂ ਦੇ ਤੱਕੜ ਚੜ੍ਹੀਏ।

ਉੱਚੇ ਘਰ ਦੀ ਮਮਟੀ ਉੱਤੇ,
ਪੌੜੀ ਪੌੜੀ ਕਰਕੇ ਚੜ੍ਹੀਏ।

ਮਨ ਤਾਂ ਘੁੰਮੇ ਦੇਸ਼ ਦੇਸ਼ਾਂਤਰ,
ਤਨ ਦੀ ਮਿੱਟੀ ਕਿੱਥੇ ਖੜੀਏ।

ਬਾਗ਼ਬਾਨ ਨੇ ਕੰਡੇ ਬੀਜੇ,
ਆਓ ਫੁੱਲਾਂ ਖਾਤਰ ਲੜੀਏ।

ਭਾਵੇਂ ਲੱਖ ਹਿਝੋਕੇ ਵੱਜਣ,
ਟੁੱਟੀਂ ਨਾ ਤੂੰ ਸਾਂਝ ਦੀ ਕੜੀਏ।

ਬੋਲ ਮਿੱਟੀ ਦਿਆ ਬਾਵਿਆ /81