ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਅੱਖਾਂ 'ਚ ਉਨੀਂਦਰਾ ਤੇ ਦਿਲ ਸੁੰਨਸਾਨ ਹੈ।
ਸੱਜਣਾਂ ਬਗੈਰ ਤਾਂ ਕੁੜਿੱਕੀ ਵਿਚ ਜਾਨ ਹੈ।

ਲੋਕਾਂ ਭਾਣੇ ਹੱਸਦਾ ਇਹ ਸ਼ਹਿਰ ਜਾਪੇ ਵੱਸਦਾ,
ਮੇਰੇ ਲਈ ਉਜਾੜ ਸੁੰਨੀ ਰੋਹੀ ਬੀਆਬਾਨ ਹੈ।

ਫ਼ਿਕਰਾਂ ਦੀ ਛੱਤ ਹੇਠਾਂ ਸਾਰੀ ਰਾਤ ਜਾਗਦਾਂ,
ਮੇਰੇ ਨਾਲ ਗੱਲਾਂ ਕਰੇ ਨੀਲਾ ਆਸਮਾਨ ਹੈ।

ਠੋਕਰੋਂ ਬਚਾਉਂਦਾ ਤੇ ਸੰਭਾਲਦਾ ਹਾਂ ਹਰ ਵੇਲੇ,
ਸੁਪਨਾ ਨਾ ਟੁੱਟ ਜਾਵੇ ਕੱਚ ਦਾ ਸਮਾਨ ਹੈ।

ਕਿਸਨੂੰ ਸੁਣਾਵਾਂ ਹਾਲ ਟੁੱਟੇ ਹੋਏ ਦਿਲ ਦਾ ਮੈਂ,
ਅੰਨ੍ਹੀ ਬੋਲੀ ਧਰਤੀ ਤੇ ਗੁੰਗਾ ਅਸਮਾਨ ਹੈ।

ਟੰਗਿਆ ਹੈ ਸੂਲੀ ਉੱਤੇ ਚੰਦਰੇ ਹਾਲਾਤ ਭਾਵੇਂ,
ਫੇਰ ਵੀ ਤੂੰ ਵੇਖ ਸਾਡੀ ਚੱਲਦੀ ਜ਼ਬਾਨ ਹੈ।

ਬੋਲ ਮਿੱਟੀ ਦਿਆ ਬਾਵਿਆ /83