ਇਹ ਸਫ਼ਾ ਪ੍ਰਮਾਣਿਤ ਹੈ
ਗ਼ਜ਼ਲ
ਰੁੱਖਾਂ ਨੂੰ ਆਰੀ ਫੇਰ ਨਾ ਡਿੱਗਣਗੇ ਆਲ੍ਹਣੇ।
ਚਿੜੀਆਂ ਨੇ ਫੇਰ ਕਿਸ ਜਗ੍ਹਾ ਨੇ ਬੋਟ ਪਾਲਣੇ।
ਰੋਟੀ ਸਿਆਸਤਦਾਨ ਨੇ ਹਰ ਹਾਲ ਸੇਕਣੀ,
ਸਾਡੇ ਹੀ ਪੁੱਤ ਵੀਰ ਉਸ ਚੁੱਲ੍ਹੇ 'ਚ ਬਾਲਣੇ।
ਤੇਰੀ ਬੁਝੇਗੀ ਪਿਆਸ ਹੁਣ ਕਿੰਨੇ ਕੁ ਖ਼ੂਨ ਨਾਲ,
ਦੱਸ ਦੇ ਜ਼ਰਾ ਕੁ ਦਿੱਲੀਏ ਨੀ ਬਾਰਾਂ ਤਾਲਣੇ।
ਤੇਰੇ ਬਗ਼ੈਰ ਹੋਰ ਤੋਂ ਖ਼ਤਰਾ ਨਾ ਬਾਗ ਨੂੰ,
ਤੂੰਹੀਓਂ ਹੀ ਫਿਰਦੀ ਤੋੜਦੀ ਫੁੱਲਾਂ ਨੂੰ ਮਾਲਣੇ।
ਇਹ ਮਾਸਖ਼ੋਰੇ ਜਿੰਨ੍ਹਾਂ ਨੇ ਖਾਧੇ ਨੇ ਕਾਫ਼ਲੇ,
ਸੰਗਲ ਦੇ ਨਾਲ ਹੋਣਗੇ ਮੁਸ਼ਕਲ ਸੰਭਾਲਣੇ।
ਕਾਲੀ ਹਵਾ ਵੀ ਕਮਰਿਆਂ ਵਿਚ ਜਾਣਾ ਲੋਚਦੀ,
ਔਖੇ ਨੇ ਸੂਰਜ ਛਿਪਦਿਆਂ ਹੁਣ 'ਨ੍ਹੇਰ ਟਾਲਣੇ।
ਲੱਭਾਂਗੇ ਸੂਰਜ ਮਘ ਰਿਹਾ ਗੁੰਮਿਆ ਗੁਆਚਿਆ,
ਭਾਵੇਂ ਅਸਾਨੂੰ ਪੈਣ ਹੁਣ ਸਾਗਰ ਹੰਗਾਲਣੇ।
●
ਬੋਲ ਮਿੱਟੀ ਦਿਆ ਬਾਵਿਆ /84