ਗ਼ਜ਼ਲ
ਕਰਮਜੀਤ ਗਰੇਵਾਲ ਦੇ ਨਾਂ
ਵੱਢਿਆ ਟੁੱਕਿਆ ਜਿਸਮ ਪਿਆ ਹੈ ਰੋਜ਼ ਦੀਆਂ ਘਟਨਾਵਾਂ ਨਾਲ।
ਕਿੱਦਾਂ ਅੱਖ ਮਿਲਾਵਾਂ ਯਾਰੋ ਅੱਜ ਮੈਂ ਪੰਜ ਦਰਿਆਵਾਂ ਨਾਲ।
ਬੰਸਰੀਆਂ ਦੇ ਪੋਰ 'ਚ ਸਿੱਕਾ ਭਰ ਦਿੱਤਾ ਏ ਵਕਤਾਂ ਨੇ,
ਨੱਚਦੇ ਨੱਚਦੇ ਮੋਰ ਸਹਿਮ ਗਏ ਕਿਹੜਾ ਸਾਜ਼ ਵਜਾਵਾਂ ਨਾਲ।
ਖੜ੍ਹੀਆਂ ਫ਼ਸਲਾਂ ਕੱਚੇ ਕੋਠੇ ਇਹ ਚੰਦਰੇ ਕਿਉਂ ਢਾਹੁੰਦੇ ਨੇ,
ਆਓ ਯਾਰੋ ਗੱਲ ਤਾਂ ਕਰੀਏ ਸ਼ੂਕ ਰਹੇ ਦਰਿਆਵਾਂ ਨਾਲ।
ਨ੍ਹੇਰੇ ਦੇ ਵਿਚ ਜੰਮੇ ਜਾਏ ਕਿੱਸਰਾਂ ਸੱਚ ਪਛਾਨਣਗੇ,
ਬਿਨ ਸੂਰਜ ਵੱਲ ਮੂੰਹ ਕੀਤਿਆਂ ਤੁਰਦਾ ਨਾ ਪਰਛਾਵਾਂ ਨਾਲ।
ਰਿਸ਼ਤੇ ਦੀ ਚਾਦਰ ਦੀਆਂ ਲੀਰਾਂ ਖਿੱਲਰ ਗਈਆਂ ਏਸ ਤਰ੍ਹਾਂ,
ਚਾਰ ਕਦਮ ਨਹੀਂ ਤੁਰਕੇ ਰਾਜ਼ੀ ਸੱਕੀ ਭੈਣ ਭਰਾਵਾਂ ਨਾਲ।
ਸੁਰ ਦੀ ਮਹਿਫ਼ਲ ਦੇ ਵਿਚ ਆ ਕੇ ਤਾਨਸੈਨ ਕੀ ਸੋਚੇਗਾ,
ਸਾਰੀ ਟੀਮ ਵਜੰਤਰੀਆਂ ਦੀ ਜਾ ਬੈਠੀ ਹੈ ਕਾਵਾਂ ਨਾਲ।
ਜਿਹੜਾ ਫੁੱਲ ਖੁਸ਼ਬੋਈ ਵਾਲਾ ਉਹ ਤਾਂ ਮਹਿਕਾਂ ਵੰਡੇਗਾ,
ਉਸ ਨੇ ਬਾਜ਼ ਨਹੀਂ ਆਉਣਾ ਹੈ, ਡਾਢੀਆਂ ਸਖ਼ਤ ਸਜ਼ਾਵਾਂ ਨਾਲ।
ਅੰਨ੍ਹਾਂ ਬੰਦਾ ਵੀ ਬੁੱਝ ਲੈਂਦੈ, ਪੈੜ-ਚਾਲ ਤੋਂ ਲਹਿਜ਼ੇ ਤੋਂ,
ਕਿਹੜਾ ਬੰਦਾ ਸਾਂਝ ਪੁਗਾਉਂਦਾ, ਕਿਸ ਤਰ੍ਹਾਂ ਦੇ ਰਾਹਵਾਂ ਨਾਲ।
ਸਾਰੇ ਚੌਂਕ ਚੁਰਸਤੇ ਮੱਲੇ ਕਾਲੇ ਫ਼ਨੀਅਰ ਨਾਗਾਂ ਨੇ,
ਯਤਨ ਕਰਾਂ ਕਿ ਕੀਲ ਲਵਾਂ ਮੈਂ ਗਜ਼ਲਾਂ ਤੇ ਕਵਿਤਾਵਾਂ ਨਾਲ।
●
ਬੋਲ ਮਿੱਟੀ ਦਿਆ ਬਾਵਿਆ /85