ਇਹ ਸਫ਼ਾ ਪ੍ਰਮਾਣਿਤ ਹੈ
ਗ਼ਜ਼ਲ
ਰੋਜ਼ ਸਵੇਰੇ ਘਰ ਵਿਚ ਆਉਂਦੀਆਂ ਰੱਤ ਭਿੱਜੀਆਂ ਅਖ਼ਬਾਰਾਂ।
ਅੰਨ੍ਹੇ ਖੂਹ ਵਿਚ ਗਰਕ ਗਿਆਂ ਨੂੰ ਕਿੱਸਰਾਂ 'ਵਾਜਾਂ ਮਾਰਾਂ।
ਚੰਗੇ ਭਲੇ ਪਰਿੰਦੇ ਬਹਿ ਗਏ ਆਲ੍ਹਣਿਆਂ ਵਿਚ ਜਾ ਕੇ,
ਧਰਤੀ ਅੰਬਰ ਸਾਰਾ ਮੱਲਿਆ ਹੁਣ ਖੰਭਾਂ ਦੀਆਂ ਡਾਰਾਂ।
ਅਣਚਾਹੇ ਮਹਿਮਾਨ ਦੇ ਵਾਂਗੂੰ ਚੰਦਰੇ ਸੁਪਨੇ ਆਉਂਦੇ,
ਸਹਿਮ ਜਿਹਾ ਛੱਡ ਜਾਵਣ ਪਿੱਛੇ ਮਰ ਮੁੱਕਿਆਂ ਦੀਆਂ ਤਾਰਾਂ।
ਪੌਣਾਂ ਦੇ ਵਿਚ ਜ਼ਹਿਰ ਘੋਲ ਕੇ ਕੌਣ ਬਚੇਗਾ ਏਥੇ,
ਸਿਵਿਆਂ ਦੇ ਵਿਚ ਅਰਥ ਹੀਣ ਨੇ ਸਾਰੀਆਂ ਜਿੱਤਾਂ ਹਾਰਾਂ।
ਪੈਦਲ ਬੰਦੇ ਦੇ ਹਿੱਸੇ ਬੱਸ ਮਿੱਟੀ ਘੱਟਾ ਆਵੇ,
ਪੱਕੀਆਂ ਸੜਕਾਂ ਉੱਤੇ ਭਾਵੇਂ ਚੱਲਦੀਆਂ ਮੋਟਰ ਕਾਰਾਂ।
ਹੱਥਾਂ ਵਾਲੀ ਡੋਰ ਕਿਤੇ ਨਾ ਹੱਥਾਂ ਵਿਚ ਰਹਿ ਜਾਵੇ,
ਚਾਤਰ ਪੇਚੇ ਮਾਰਨ ਐਧਰ ਸੁੱਤੀਆਂ ਨੇ ਸਰਕਾਰਾਂ।
ਹੜ੍ਹ ਦਾ ਪਾਣੀ ਵਗਦਾ ਭਾਵੇਂ ਸਿਰ ਉੱਤੋਂ ਦੀ ਯਾਰੋ,
ਇਕ ਦੂਜੇ ਨੂੰ ਪਾਓ ਕਰਿੰਘੜੀ ਬਣ ਜਾਓ ਦੀਵਾਰਾਂ।
●
ਬੋਲ ਮਿੱਟੀ ਦਿਆ ਬਾਵਿਆ /86