ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਰਿਸ਼ਤੇ ਨਾਤੇ ਗਏ ਗੁਆਚੇ ਉੱਜੜ ਗਈਆਂ ਥਾਵਾਂ ਨਾਲ।
ਬੇੜੀ ਦਾ ਕੀ ਸਾਕ ਰਹਿ ਗਿਆ ਸੁੱਕ ਗਏ ਦਰਿਆਵਾਂ ਨਾਲ।

ਮਾਰੂਥਲ ਵਿਚ ਪੈੜ ਤੇਰੀ ਤਾਂ ਮਿਟ ਚੱਲੀ ਸੀ ਰੇਤੇ ਹੇਠ,
ਮਹਿਕ ਤੇਰੀ ਨੇ ਉਂਗਲੀ ਫੜ ਕੇ ਸਾਥ ਨਿਭਾਇਆ ਸਾਹਵਾਂ ਨਾਲ।

ਖੜ੍ਹੇ ਖਲੋਤੇ ਸੁੱਕੇ ਰੁੱਖ ਨੂੰ ਲੱਕੜ ਹਾਰੇ ਚੀਰਨ ਧਰਨ,
ਰਾਹ-ਗੀਰਾਂ ਨੂੰ ਮਤਲਬ ਹੁੰਦੈ ਬੱਸ ਇਕੱਲੀਆਂ ਛਾਵਾਂ ਨਾਲ।

ਇਕ ਇਕੱਲਾ ਕੁਝ ਨਹੀਂ ਹੁੰਦਾ ਨਾ ਏਧਰ ਨਾ ਓਧਰ ਦਾ,
ਮੱਥੇ ਨੂੰ ਵੀ ਤੁਰਨਾ ਪੈਂਦੈ ਇਕ ਜੁੱਟ ਹੋ ਕੇ ਬਾਹਵਾਂ ਨਾਲ।

ਜਗਦੇ ਬੁਝਦੇ ਅੱਖਰ ਬਾਤਾਂ ਪਾਉਂਦੇ ਨੇ ਜਦ ਸ਼ਾਮ ਢਲੇ,
ਬੁੱਝਣ ਵਾਲੇ ਬੁੱਝ ਲੈਂਦੇ ਨੇ ਕੁਝ ਨਾਵਾਂ ਕੁਝ ਥਾਵਾਂ ਨਾਲ।

ਦਿਸ਼ਾ-ਸੂਚਕੋ ਸੇਧ ਸੁਚੱਜੀ, ਤੁਸੀਂ ਕੀ ਦੇਣੀ ਰਾਹੀਆਂ ਨੂੰ,
ਤੁਸੀਂ ਤਾਂ ਘੁੰਮਣ ਘੇਰ 'ਚ ਪੈ ਗਏ ਵਗਦੀਆਂ ਤੇਜ਼ ਹਵਾਵਾਂ ਨਾਲ।

ਐਵੇਂ ਭਰਮ ਜਿਹਾ ਇਕ ਮਨ ਨੂੰ ਚੌਵੀਂ ਘੰਟੇ ਡੰਗਦਾ ਏ,
ਪੱਥਰਾਂ ਨੂੰ ਪਿਘਲਾ ਸਕਨਾਂ ਮੈਂ ਗ਼ਜ਼ਲਾਂ ਤੇ ਕਵਿਤਾਵਾਂ ਨਾਲ।

ਬੋਲ ਮਿੱਟੀ ਦਿਆ ਬਾਵਿਆ /87