ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਤੁਸੀਂ ਉਲਝਾ ਲਿਆ ਸਾਨੂੰ ਹਿਸਾਬਾਂ ਤੇ ਕਿਤਾਬਾਂ ਵਿਚ।
ਕੋਈ ਵੀ ਫ਼ਰਕ ਨਾ ਜਾਪੇ ਸੁਆਲਾਂ ਤੇ ਜੁਆਬਾਂ ਵਿਚ।

ਜਦੋਂ ਦੇ ਜੰਗਲੀ ਬੂਟੇ ਨੂੰ ਸ਼ਹਿਰੀ ਹੱਥ ਲੱਗੇ ਨੇ,
ਉਦੋਂ ਦੀ ਮਹਿਕ ਮੋਈ ਹੈ ਬਗੀਚੇ ਦੇ ਗੁਲਾਬਾਂ ਵਿਚ।

ਮੈਂ ਮੋਈਆਂ ਤਿੱਤਲੀਆਂ ਦੇ ਖੰਭਾਂ ਕੋਲੋਂ ਬਹੁਤ ਡਰਦਾ ਹਾਂ,
ਜਿੰਨ੍ਹਾਂ ਦਾ ਕਤਲ ਹੋਇਆ ਮੇਰਿਆਂ ਰੰਗੀਨ ਖ਼੍ਵਾਬਾਂ ਵਿਚ।

ਜੋ ਨੰਗੇ ਪੈਰ ਸਾਰੀ ਉਮਰ ਲੰਮਾ ਸਫ਼ਰ ਕਰਦੇ ਨੇ,
ਉਨ੍ਹਾਂ ਦੇ ਪੈਰ ਨਹੀਂ ਫਸਦੇ ਕਦੇ ਬੂਟਾਂ ਜੁਰਾਬਾਂ ਵਿਚ।

ਜਿੰਨ੍ਹਾਂ ਨੂੰ ਵੋਟ ਪਾ ਕੇ ਭੇਜਦੇ ਹਾਂ ਗੋਲ ਭਵਨ ਅੰਦਰ,
ਉਹ ਆਪਣੇ ਆਪ ਤਾਈਂ ਗਿਣਨ ਲੱਗਦੇ ਨੇ ਨਵਾਬਾਂ ਵਿਚ।

ਜ਼ਮਾਨਾ ਬਦਲਿਆ ਤੇ ਬਦਲੀਆਂ ਦਿਲਸਪੀਆਂ ਵੇਖੋ,
ਕਿ ਮੱਕੜੀ ਜਾਲ ਪਈ ਬੁਣਦੀ ਹੈ ਸਾਜ਼ਾਂ ਤੇ ਰਬਾਬਾਂ ਵਿਚ।

ਇਹ ਉੱਚੀ ਪੱਗ ਲੰਮੀ ਧੌਣ ਦੇ ਹੀ ਕਾਰਨੇ ਹੋਇਆ,
ਅਸਾਨੂੰ ਚੀਰਿਆ ਸ਼ੈਤਾਨ ਨੇ ਜੋ ਦੋ ਪੰਜਾਬਾਂ ਵਿਚ।

ਬੋਲ ਮਿੱਟੀ ਦਿਆ ਬਾਵਿਆ /90