ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਸੁਪਨਿਆਂ ਦੀ ਨੈਂ ਝਨਾਂ ਨੂੰ ਤਰਦਿਆਂ।
ਉਮਰ ਬੀਤੀ ਹੈ ਰੋਜ਼ਾਨਾ ਮਰਦਿਆਂ।

ਉੱਠ ਕੇ ਵੇਖੋ ਪਛਾਣੋ ਕੌਣ ਹੈ,
ਮਰ ਗਏ ਜਿਸਦੇ ਤਸੀਹੇ ਜਰਦਿਆਂ।

ਤੂੰ ਲੁਕਾ ਬੇਸ਼ੱਕ ਮੈਨੂੰ ਹੈ ਪਤਾ,
ਦੱਸ ਦਿੱਤਾ ਸੱਚ ਇਨ੍ਹਾਂ ਪਰਦਿਆਂ।

ਕੌਣ ਤੈਨੂੰ ਮਾਰ ਸਕਦੈ ਸੋਹਣੀਏ,
ਆਖਿਆ ਕੱਚੇ ਘੜੇ ਨੇ ਖ਼ਰਦਿਆਂ।

ਤੇਰੇ ਪੱਲੇ ਕੀ ਬਚੇਗਾ ਦੱਸ ਫਿਰ,
ਮਰ ਗਈ ਗੈਰਤ ਜੇ ਪਾਣੀ ਭਰਦਿਆਂ।

ਤੇਰੇ ਪੱਲੇ ਅੱਖਰਾਂ ਬਿਨ ਹੋਰ ਕੀਹ,
ਪੁੱਛਿਆ ਕਈ ਵਾਰ ਮੈਨੂੰ ਘਰ ਦਿਆਂ।

ਮੇਰੇ ਕਿਹੜੇ ਕੰਮ ਆਈ ਸਾਦਗੀ,
ਜੀ ਕਰੇ ਮੈਂ ਪੰਡ ਐਥੇ ਧਰ ਦਿਆਂ।

ਲੰਘ ਜਾਊ ਰਾਤ ਵੀ ਇਹ ਦੋਸਤੋ,
ਤਾਰਿਆਂ ਦੇ ਨਾਲ ਗੱਲਾਂ ਕਰਦਿਆਂ।

ਬੋਲ ਮਿੱਟੀ ਦਿਆ ਬਾਵਿਆ /93