ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਇੰਨ੍ਹਾਂ ਤਾਂ ਫੁੱਲ ਬਣ ਕੇ ਮਹਿਕਣਾ ਸੀ।
ਤੂੰ ਕਾਹਨੂੰ ਡੋਡੀਆਂ ਨੂੰ ਤੋੜਨਾ ਸੀ।

ਜੇ ਤੇਰੇ ਮਨ 'ਚ ਸ਼ੰਕਾ ਬੋਲਣਾ ਸੀ,
ਤੂੰ ਮੈਨੂੰ ਆਪਣਾ ਕਿਉਂ ਆਖਣਾ ਸੀ।

ਜੇ ਰੇਤਾ ਲਿਸ਼ਕਦੀ ਦਰਿਆ ਤੂੰ ਸਮਝੀ,
ਇਹ ਤੇਰੇ ਮਨ ਦੀ ਅੰਨ੍ਹੀ ਭਟਕਣਾ ਸੀ।

ਜੇ ਤਪਦੇ ਥਲ 'ਚ ਸੂਰਜ ਵੀ ਨਾ ਹੁੰਦਾ,
ਤੂੰ ਆਪਣੀ ਛਾਂ ਲਈ ਵੀ ਤਰਸਣਾ ਸੀ।

ਮੈਂ ਪਿਆਲਾ ਜ਼ਹਿਰ ਦਾ ਕਿੱਦਾਂ ਨਾ ਪੀਂਦਾ,
ਤੇਰੇ ਬਿਨ ਕਿਸ ਨੇ ਮੈਨੂੰ ਵਰਜਣਾ ਸੀ।

ਇਹ ਦੁਨੀਆਂ ਵਾਲਿਆਂ ਸੌ ਅਰਥ ਕੱਢੇ,
ਮੇਰੇ ਦਿਲ ਦੀ ਤਾਂ ਇਕੋ ਵੇਦਨਾ ਸੀ।

ਤੂੰ ਸੁਪਨੇ ਵਿਚ ਜੇ ਦਸਤਕ ਨਾ ਦੇਂਦਾ,
ਮੈਂ ਕਿੱਥੇ ਗੂੜ੍ਹੀ ਨੀਂਦੋਂ ਜਾਗਣਾ ਸੀ।

ਜੋ ਸਾਨੂੰ ਘੂਰਦਾ ਸੀ ਸ਼ੀਸ਼ਿਆਂ 'ਚੋਂ,
ਉਹ ਚਿਹਰਾ ਤਾਂ ਮੇਰਾ ਹੀ ਆਪਣਾ ਸੀ।

ਜੇ ਕਾਲੀ ਰਾਤ ਨ ਅੰਬਰ ਤੇ ਪੈਂਦੀ,
ਮੈਂ ਕਿੱਥੇ ਚੰਨ ਵਾਂਗੂੰ ਚਮਕਣਾ ਸੀ।

ਬੋਲ ਮਿੱਟੀ ਦਿਆ ਬਾਵਿਆ /97