ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਗਲੀਆਂ ਸੁੰਨ-ਮ-ਸੁੰਨੀਆਂ ਬੂਹੇ ਚੌੜ ਚਪੱਟ।
ਪਿੱਛੇ ਉੱਡਦੀ ਧੂੜ ਹੈ, ਅੱਗੇ ਮਿਰਜ਼ਾ ਜੱਟ।

ਵਗੇ ਤਤ੍ਹੀਰੀ ਖ਼ੂਨ ਦੀ ਚਿਹਰਾ ਜ਼ਰਦ ਵਸਾਰ,
ਡਾਢੀ ਔਖੀ ਝੱਲਣੀ ਯਾਰੋ ਸਿਰ ਦੀ ਸੱਟ।

ਛਿੰਜਾਂ ਵਿਚ ਬੇਰੌਣਕੀ ਕੌਡ ਕਬੱਡੀ ਚੁੱਪ,
ਹੁਣ ਨਾ ਪੈਲਾਂ ਪੇਲਦੇ ਮੋਰਾਂ ਵਾਲੇ ਪੱਟ।

ਸੁਣ ਨੀ ਚਾਤਰ ਕੁਰਸੀਏ ਕੌਣ ਕਰੂ ਇਤਬਾਰ,
ਥੁੱਕੇਂ ਆਪ ਨਿਗੱਲੀਏ ਆਪੇ ਲਏਂ ਤੂੰ ਚੱਟ।

ਪੁੜੀਆਂ ਦੇ ਦੇ ਥੱਕ ਗਏ ਕਿੰਨੇ ਵੈਦ ਹਕੀਮ,
ਕਰਕ ਕਲੇਜੇ ਰੜਕਦੀ ਡੂੰਘੇ ਦਿਲ ਦੇ ਫੱਟ।

ਧੂਤੂ ਤੇਰੇ ਕੋਲ ਨੇ ਰੱਜ ਕੇ ਸਾਨੂੰ ਨਿੰਦ,
ਪਰ ਇਕ ਵਾਰੀ ਆਪ ਨੂੰ ਛੱਜ ਵਿਚ ਪਾ ਕੇ ਛੱਟ।

ਜੰਗਲ ਦੇ ਵਿਚ ਜੀਣ ਦਾ ਤੈਨੂੰ ਹੀ ਸੀ ਝੱਲ,
ਦਿਲ ਨਹੀਂ ਛੋਟਾ ਕਰੀਦਾ ਸਿਰ ਤੇ ਬਣੀਆਂ ਕੱਟ।

ਬੋਲ ਮਿੱਟੀ ਦਿਆ ਬਾਵਿਆ /98