ਪੰਨਾ:ਭੈਣ ਜੀ.pdf/12

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੀ ਮਤਰੇਈ ਮਾਂ ਦਾ ਤਲਖ ਚਿਹਰਾ ਸੀ । ਜਿਸ ਵੇਲੇ ਉਸਦਾ ਖਿਆਲ ਆ ਜਾਂਦਾ ਤਾਂ ਸੁਰਿੰਦਰ ਦੇ ਸਾਰੇ ਮਨਸੂਬੇ ਧਰ ਦੇ ਧਰੇ ਰਹਿ ਜਾਂਦੇ। ਘਰ ਦਾ ਖਿਆਲ ਆਉਣ ਤੇ ਹੀ ਉਸਦੇ ਬਦਨ ਤੇ ਇਕ ਝਰਨਾਟ ਜਿਹੀ ਛਿੜ ਪੈਂਦੀ ਤੇ ਉਸ ਵੇਲੇ........ ਹਾਂ ਉਸੇ ਵੇਲੇ ਘਰ ਵਾਪਸ ਜਾਣ ਦਾ ਖਿਆਲ ਉਸਨੂੰ ਇਕ ਸੁਪਨਾ ਜਿਹਾ ਮਾਲੂਮ ਹੋਣ ਲਗ ਪੈਂਦਾ।

ਇਕ ਦਿਨ ਆਪਣੇ ਵਰਗੇ ਘਰੋਂ ਘਾਟਾਂ ਨਿਕਲੇ ਹੋਏ ਭੈੜੇ ਜਿਹੇ ਹਾਲ ਦੇ ਆਦਮੀ ਨਾਲ ਮੁਲਾਕਾਤ ਹੋਣ ਤੇ ਸੁਰਿੰਦਰ ਨੇ ਉਸਨੂੰ ਪੁਛਿਆ:-

ਤੁਸੀਂ ਇਥੇ ਕੀ ਕੰਮ ਕਰਕੇ ਗੁਜ਼ਾਰਾ ਕਰਦੇ ਹੋ? ਜਿਸ ਆਦਮੀ ਨੂੰ ਇਹ ਸਵਾਲ ਕੀਤਾ ਗਿਆ ਸੀ ਉਹ ਕੋਈ ਬੜਾ ਨੇਕ ਤੇ ਭਲਾ ਆਦਮੀ ਸੀ ਨਹੀਂ ਤਾਂ ਸੁਰਿੰਦਰ ਦੇ ਏਸ ਸਵਾਲ ਨਾਲ ਜ਼ਰੂਰ ਕੋਈ ਉਸਦਾ ਮਖੌਲ ਉਡਾਂਦਾ। ਉਸ ਨੇ ਬੜੇ ਠਰੰਮੇ ਨਾਲ ਉੱਤਰ ਦਿੱਤਾ:-

ਨੌਕਰੀ ਚਾਕਰੀ ਜਾਂ ਮੇਹਨਤ ਮਜ਼ੂਰੀ ਕਰ ਕੇ ਜੋ ਮਿਲ ਜਾਂਦਾ ਏ ਉਸ ਨਾਲ ਗੁਜ਼ਾਰਾ ਚਲੀ ਜਾ ਰਿਹਾ ਹੈ। ਕਲਕੱਤੇ ਵਿਚ ਭਲਾ ਰੋਜ਼ਗਾਰ ਦਾ ਕੀ ਘਾਟਾ ਏ?

ਸੁਰਿੰਦਰ ਨੇ ਕਿਹਾ:-

ਭਈ ਕਿਤੇ ਕੋਈ ਨੌਕਰੀ ਚਾਕਰੀ ਮੈਨੂੰ ਵੀ ਦਿਵਾ ਸਕਦੇ ਹੋ?

੧੨.