ਪੰਨਾ:ਮਟਕ ਹੁਲਾਰੇ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂਰ ਚਮਕਦਾ ਮੱਥਾ।

ਅਰਸ਼ੀ 'ਛੁਹ' ਤੇਰੀ ਦੇ ਸਵਾਲੀ
ਅਸੀਂ ਦਰ ਤੇਰੇ ਤੇ ਆਏ,
ਡਰਦੇ ਡਰਦੇ, ਕੰਬਦੇ ਕੰਬਦੇ,
ਅਸਾਂ ਗਿਣ ਗਿਣ ਕਦਮ ਰਖਾਏ,
ਐਪਰ ਨੂਰ ਚਮਕਦਾ ਮੱਥਾ
ਅਸਾਂ ਜਦੋਂ ਤੁਧੇ ਦਾ ਡਿੱਠਾ,
ਛੁਹ ਬਖਸ਼ਣ ਦਾ ਸ਼ੌਕ ਤੁਸਾਂ ਵਿਚ
ਸਾਨੂੰ ਡੁਲ੍ਹਦਾ ਨਜ਼ਰੀਂ ਆਏ ।

ਸ਼ਹੁ ਖਿੱਚਾਂ ਵਾਲੇ

'ਅਸੀਂ ਸਿਕਦੇ, ਤੁਸੀਂ ਸਿਕਦੇ ਨਾਹੀਂ'
ਅਸਾਂ ਇਹ ਗਲ ਸੀ ਸਹੀ ਕੀਤੀ,-
ਇਕ ਦਿਨ ਸਿਕਦਿਆਂ ਲੜ ਤੇਰੇ ਦੀ
ਅਸਾਂ ਛੁਹ ਜੋ ਪ੍ਰਾਪਤ ਕੀਤੀ :
'ਸਿੱਕਣ ਸਾਡਾ ਸੀ ਖਿੱਚ ਤੁਸਾਡੀ'
ਸਾਨੂੰ ਇਹ ਗਲ ਨਜ਼ਰੀਂ ਆਈ,-
ਤੁਸੀਂ ਚੁੰਬਕ ਸ਼ਹੁ ਖਿੱਚਾਂ ਵਾਲੇ
ਤੁਸਾਂ ਸਿੱਕ ਅਸਾਂ ਦਿਲ ਸੀਤੀ ।

-੩੪-