ਪੰਨਾ:ਮਟਕ ਹੁਲਾਰੇ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਡਾਰੂ ਪ੍ਰੀਤਮ ਨੂੰ ਅਥਰੂ:-

ਨੈਣਾਂ ਦੇ ਵਿਚ ਰੂੰ ਨ ਸੁਖਾਵੇ,
ਅਸੀਂ ਨੈਣਾਂ ਵਾਸ ਵਸਾਏ,
ਤੁਸੀਂ ਸੁਖਾਏ ਸਾਥੋਂ ਬਹੁਤੇ-
'ਅਖ-ਪੁਤਲੀ' ਨੇ ਅੰਕ ਸਮਾਏ ?
ਤੁਸੀਂ ਉਡਾਰ ਟਿਕ ਬਹੋ ਨ ਪੁਤਲੀ,
ਜਿਉਂ ਪੰਛੀ ਆਲ੍ਹਣ੍ਯੋਂ ਉੱਡੇ :-
ਨੈਣਾਂ ਨੇ ਅਸੀਂ ਮਗਰ ਤੁਸਾਡੇ
ਹੁਣ ਢੂੰਡਣ ਬਾਹਰ ਘਲਾਏ ।

ਫੁਹਾਰਾ:-

ਮੂੰਹ ਅੱਡੀ ਅਰਸ਼ਾਂ ਵਲ ਤਕੀਏ
(ਇਕ) ਬੂੰਦ ਨ ਕੋਈ ਪਾਵੇ,
ਜਦੋਂ ਅਸਾਂ ਵਿਚ ਆ ਗਿਆ ਕੋਈ
ਆ ਉਹ ਛਹਿਬਰ ਲਾਵੇ,-
ਤਦੋਂ ਅਸੀਂ ਹੋ ਦਾਤੇ ਵਸੀਏ
ਠੰਢ ਸੁਹਾਵਾਂ ਵਾਲੇ,-
ਕਿਧਰੋਂ, ਕੌਣ, ਕਦੋਂ, ਦਸ ਸਖੀਏ !
ਕਿਤ ਗੁਣ ਉਹ ਕੋਈ ਆਵੇ ?


-੩੭-