ਪੰਨਾ:ਮਟਕ ਹੁਲਾਰੇ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੀਤਮ ਛੁਹ।

ਤੁਸਾਂ ਤੋੜਿਆ ਅਸੀਂ ਟੁਟ ਪਏ
ਵਿਛੁੜ ਗਏ ਸਾਂ ਡਾਲੋਂ,
ਤੁਸਾਂ ਸੁੰਘ ਸੀਨੇ ਲਾ ਸਟਿਆ
ਵਿਛੁੜ ਗਏ ਤੁਸਾਂ ਨਾਲੋਂ,
ਪੈਰਾਂ ਹੇਠ ਲਿਤਾੜ ਲੰਘਾਊਆਂ
ਕੀਤਾ ਖੰਭੜੀ ਖੰਭੜੀ,
ਪਰ ਸ਼ੁਕਰਾਨਾ 'ਛੁਹ ਤੁਹਾਡੀ' ਦਾ
ਅਜੇ ਨ ਭੁਲਦਾ ਸਾਨੋਂ !


ਨਿਤ ਅਰਜ਼ੋਈ।

ਤੁਸਾਂ ਛੇੜਿਆ, ਅਸੀਂ ਛਿੜ ਪਏ
ਬੀਨ ਜਿਵੇਂ ਸੁਰ ਹੋਈ,
ਛੋੜਯਾ ਤੁਸਾਂ ਅਸਾਂ ਚੁਪ ਕੀਤੀ
ਗੁੰਗਾ ਹੋ ਜਿਉਂ ਕੋਈ :-
ਹੱਥ ਤੁਸਾਡੇ ਜਾਦੂ ਵਸਦਾ,
ਛੁਹਿਆਂ ਜੀਉ ਜੀਉ ਪਈਏ :-
'ਸ਼ਾਲਾ ! ਕਦੇ ਵਿਛੋੜ ਨ ਸਾਨੂੰ',
ਨਿਤ ਨਿਤ ਇਹ ਅਰਜ਼ੋਈ !

-੩੮-