ਪੰਨਾ:ਮਨੁਖ ਦੀ ਵਾਰ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਹਿਲਾਂ ਨੂੰ ਉਸ ਜਾਣਿਆ, ਕੁਲ ਕੈਦ ਬਹਾਨੇ
ਭੌਹਾਂ ਪਲਕਾਂ ਜਾਤੀਆਂ, ਜਿਉਂ ਤੀਰ ਕਮਾਨੇ।
ਦਿਲ ਨੂੰ ਓਸ ਲੁਕਾਇਆ, ਨਾ ਹੋਣ ਨਿਸ਼ਾਨੇ।
ਰਾਹੁਲ ਪੁਤ ਨੂੰ ਦੇਖਿਆ, ਤੇ ਮੋਹ-ਪਲੀਤੇ,
ਦਿਲ ਉਹਦੇ ਨੂੰ ਦਾਗਿਆ, ਹੰਝੂ ਚੁਪ ਕੀਤੇ,
ਸਿਲ੍ਹੇ ਗੋਲੇ ਰਿੜ੍ਹ ਪਏ, ਜਾਣੋ ਬੁਲ੍ਹ ਸੀਤੇ।
ਛੱਡਿਆ ਸੁੱਤੀ ਨਾਰ ਨੂੰ, ਉਸ ਚੁਪ ਚੁਪੀਤੇ।
ਰਾਤ ਹਨੇਰੀ ਕਹਿਰ ਦੀ, ਤੇ ਉਤੋਂ ਪਾਲਾ।
ਤਾਂ ਵੀ ਚਲਿਆ ਚੀਰਦਾ, ਚਾਨਣ ਮਤਵਾਲਾ।
ਜਾਂਦੇ ਜਾਂਦੇ ਫਿਸ ਪਿਆ, ਘਰ ਖਿੱਚਦਾ ਛਾਲਾ।
ਆਪੇ ਹੀ ਹੁਣ ਲਹਿ ਗਿਆ, ਦੋ ਚਿੱਤੀ ਜਾਲਾ।
ਲੋਕ- ਹਿੱਤ ਨੇ ਧੂਹਿਆ, ਗ੍ਰਹਿਸਤੀ ਦੋਸ਼ਾਲਾ।
ਧਸਿਆ ਸੂਝ ਜ਼ਮੀਨ ਵਿਚ, ਵੈਰਾਗੀ ਫਾਲਾ।
ਜਿੱਤ ਗਿਆ ਸ਼ਤਰੰਜ ਨੂੰ, ਸਿੱਧਾਰਥ ਚਾਲਾ।
ਭਾਲਣ ਚੜ੍ਹਿਆ ਹਿੰਦ ਤੇ, ਸੁਖ ਸ਼ਾਂਤ ਹਿਮਾਲਾ।
ਜੰਗਲ ਦੇ ਵਿਚ ਤੋੜਿਆ, ਤ੍ਰਿਸ਼ਨਾਲਾ ਤਾਲਾ।
ਹਰ ਇਕ ਉਸ ਨੂੰ ਦਿੱਸਿਆ, [1]*ਗੌਂਦਾ ਬੇ ਤਾਲਾ।
ਹਰ ਇਕ ਨੂੰ ਸੀ ਤਾਰਿਆ, ਅਗਿਆਨ ਹੁਨਾਲਾ।
ਕਿਧਰੇ ਵੀ ਨਾ ਦਿੱਸਿਆ ਸੁਖ ਅਮਨ ਸਿਆਲਾ।


  1. *ਇਹ ਇਉਂ ਵੀ ਪੜ੍ਹੀ ਜਾ ਸਕਦੀ ਹੈ: ਗੌਂ ਦਾ ਬੇਤਾਲਾ।

੪੭.