ਪੰਨਾ:ਮਨੁਖ ਦੀ ਵਾਰ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਸ ਵਾਰ ਬਾਰੇ

ਪਿਛਲੇ ਸਾਲ "ਭਾਈ ਗੁਰਦਾਸ ਤੇ ਪੰਜਾਬੀ ਰਚਨਾ" ਨਾਂ ਦੀ ਆਪਣੀ ਰਚੀ ਕਿਤਾਬ ਉੱਤੇ ਅਖ਼ੀਰੀ ਨਜ਼ਰ ਮਾਰ ਰਿਹਾ ਸਾਂ। ਫੁਰਨਾ ਫੁਰਿਆ ਪਈ ਭਾਈ ਸਾਹਿਬ ਦੀ ਪਹਿਲੀ ਵਾਰ ਜਿੱਡੀ ਲੰਮੀ ਵਾਰ ਲਿਖਾਂ, ਓਸੇ ਤਰ੍ਹਾਂ ਮਜ਼ਮੂਨ ਅਲੋਕਾਰ ਹੋਵੇ ਪਰ ਉਂਜ ਓਸੇ ਤਰ੍ਹਾਂ ਹੀ ਲੜੀ ਵਿਚ ਪ੍ਰੋਤੀ ਤੇ ਵਾਰ ਦੇ ਗੁਣਾਂ ਨੂੰ ਲਗਦੀ ਵਾਹ ਨਿਭਾਈ ਜਾਵਾਂ।

ਮੈਂ ਮਜ਼ਮੂਨ ਦੀ ਭਾਲ ਵਿਚ ਸਾਂ। ਸਵਰਗਵਾਸੀ ਐਚ. ਜੀ. ਵੈਲਜ਼ ਤੇ ਪੰਡਤ ਨਹਿਰੂ ਜੀ ਦੀਆਂ ਪੁਸਤਕਾਂ ਵਿਚੋਂ ਦੁਨੀਆਂ ਦੇ ਹਾਲ ਪੜ੍ਹੇ ਹੋਏ ਯਾਦ ਆਉਣ ਲਗੇ। ਪੰਜਤਾਲੀ ਸਾਲ ਤੋਂ ਹਰ ਗੁਣ ਤੇ ਹਰ ਔਗੁਣ ਦੀ ਲੜਾਈ ਨੂੰ ਅੱਖੀਂ ਦੇਖ ਕੇ ਕਲਮ ਫੜਨ ਲਈ ਮਜਬੂਰ ਹੋ ਗਿਆ। ਡਾਰਵਨ ਦੇ ਵਿਕਾਸਵਾਦ ਨੇ ਵੀ ਖਿਚ ਧੂਹ ਪਾਈ। ਸੰਸਾਰ ਦੀ ਅਣਹੋਂਦ ਤੋਂ ਪਹਿਲਾਂ ਧੂੰਦੂਕਾਰੇ ਦਾ ਰਾਜ ਦਿਸਿਆ। ਫੇਰ ਅੱਗ ਦਾ ਬੋਲ ਬਾਲਾ ਯਾਦ ਆਇਆ। ਏਸ ਤੋਂ ਪਿਛੋਂ ਬਰਫ਼ ਜੁਗ ਦੀ ਹਕੂਮਤ ਦਾ ਜਬ੍ਹਾ ਸੁਝਿਆ। ਏਨੇ ਵਿਚ ਹੀ ਵਾਰ ਦੀ ਭੂਮਿਕਾ ਬਣ ਗਈ। ਵਾਰ ਵਿਚ ਇਕ ਚੀਜ਼ ਦਾ ਛਾ ਜਾਣਾ, ਜਾਂ ਟਕਰਾ ਆਉਣਾ ਚਾਹੀਦਾ ਹੈ। ਏਥੇ ਤਾ ਜੁਗ ਤੇ ਬਰਫ਼ ਜੁਗ ਆਦਿ ਨੇ ਵਾਹਵਾ ਕੰਮ ਸਾਰਿਆ।

੯.