ਕਿਰਾਇਆ ਉਹੀ ਹੈ
ਪੀਏਯੂ ਵਿਚ ਗਰੇਵਾਲ, ਕਾਹਲੋਂ ਤੇ ਰਣਤੇਜ ਦੀ ਤਿਕੜੀ ਮਸ਼ਹੂਰ ਸੀ, ਸਰਦੀਆਂ ਨੂੰ ਕੁਰਸੀਆਂ ਤੇ ਬੈਠ ਧੁੱਪ ਸੇਕਣੀ ਤੇ ਗਰਮੀਆਂ ਨੂੰ ਪਿਲਕਣ ਦੀ ਛਾਂ ਮਾਨਣਦੇ ਆਮ ਦੇਖੇ ਜਾ ਸਕਦੇ ਸਨ। ਉਹ ਹਰ ਤਰ੍ਹਾਂ ਦੇ ਮਸਲੇ ਬੜੇ ਸ਼ੰਜੀਦਗੀ ਨਾਲ ਵਿਚਾਰ ਕਰਦੇ। ਉਹਨਾਂ ਦਾ ਮਸਲਾ ਉਦੋਂ ਹੀ ਠਹਰਾਓ ਵਿਚ ਆਉਂਦਾ ਜਦ ਦਫਤਰੋਂ ਕੋਈ ਫਰਮਾਨ ਜਾਰੀ ਹੋ ਜਾਂਦਾ। ਪਰ ਕਿਸੇ ਅਫਸਰ ਜਾਂ ਮਹਿਕਮੇ ਦੇ ਮੁੱਖੀ ਵਲੋਂ ਘੱਟ ਵੱਧ ਹੀ ਫਰਮਾਨ ਆਉਂਦਾ, ਕਿਉਂਕਿ ਸਭ ਨੂੰ ਉਹਨਾਂ ਦੀ ਖੁਦਦਾਰੀ ਤੋਂ ਡਰ ਲੱਗਦਾ ਸੀ। ਮੈਂ ਵੀ ਗਾਹੇ ਬਗਾਹੇ ਉਹਨਾਂ ਕੋਲ ਜਾ ਬੈਠਦਾ। ਉਹਨਾਂ ਦੀਆਂ ਵੱਡੀਆਂ ਵੱਡੀਆਂ ਸਕੀਮਾਂ ਮੈਨੂੰ ਹਮੇਸ਼ਾਂ ਹੈਰਾਨ ਕਰਦੀਆਂ। ਕਦੇ ਕਦੇ ਉਹਨਾਂ ਦੀਆਂ ਸਕੀਮਾਂ ਅਜਿਹੀਆਂ ਹੁੰਦੀਆਂ ਕਿ ਕਈ ਕਈ ਦਿਨ ਮੈਂ ਆਪੇ ਹੀ ਕਦੇ ਪ੍ਰੇਸ਼ਾਨ ਰਹਿਣਾ ਤੇ ਕਦੇ ਹੱਸੀ ਜਾਣਾ। ਇਕ ਦਿਨ ਮੈਂ ਹਾਲੇ ਉਹਨਾਂ ਕੋਲ ਪਹੁੰਚਿਆ ਹੀ ਸੀ ਕਿ, ਇਕ ਬੋਲਿਆ, 'ਜਨਮੇਜੇ ਤੂੰ ਜਾਨਾ ਆਉਨਾ ਰਹਿੰਨਾ, ਇਹ ਦੱਸ, ਦਿੱਲੀ ਤੋਂ ਜਰਮਨੀ ਦਾ ਕਿੰਨ੍ਹਾਂ ਕਿਰਾਇਆ?'
‘ਬਸ, ਉੱਨ੍ਹਾਂ ਹੀ ਜਿੰਨਾਂ ਪਿਛਲੇ ਸਾਲ ਨਿਊਯਾਰਕ ਦਾ ਸੀ, ਤੇ ਉਸ ਤੋਂ ਪਿਛਲੇ ਸਾਲ ਟੋਕੀਓ ਦਾ ਸੀ।'
‘ਪਰ ਉਦੋਂ ਤਾਂ ਅਸੀਂ ਗਏ ਹੀ ਨਹੀਂ।’
‘ਹੁਣ ਵੀ ਕਿਹੜਾ ਤੁਸੀਂ ਜਾਣਾ, ਇਸ ਲਈ ਕਿਰਾਇਆ ਉਹੀ ਹੈ।' ਮੇਰਾ ਸਪਸ਼ਟ ਜਵਾਬ ਕਈ ਮਹੀਨੇ ਹਾਸਾ ਖਲੇਰਦਾ ਰਿਹਾ।
ਮਨ ਦੀ ਮੌਜ 12