ਰੰਗ ਤਾਂ ਅਧੂਰੀ ਰੋਸ਼ਨੀ ਹੀ ਹੁੰਦੇ ਹਨ
ਲਓ ਹੋਰ ਸੁਣ ਲਓ, ਮੋਟਰਸੈਕਲ ਦੀ ਗੱਲ। ਜਦੋਂ ਮੈਂ ਡੀਜ਼ਲ ਵਾਲੇ ਬੁਲਟ ਤੇ ਚਾਰੇ ਪਾਸੇ ਗੇੜੇ ਦੇਣੇ ਸ਼ੁਰੂ ਕਰ ਦਿੱਤੇ ਤਾਂ ਲੋਕਾਂ ਖੜ ਖੜ ਕੇ ਵੇਖਣਾ। ਕਈਆਂ ਨੇ ਸੁਆਲ ਪੁੱਛਣੇ, ਕਈਆਂ ਨੇ ਝੂਟੇ ਵੀ ਮੰਗ ਲੈਣੇ, ਕਈਆਂ ਨੇ ਬੈਠ ਕੇ ਸੈਲਫੀ ਵਰਗੀ ਫੀਲਿੰਗ ਵੀ ਲੈ ਲੈਣੀ। ਇਕ ਨੇ ਤਾਂ ਬੈਠ ਕਿ ਸ਼ੀਸ਼ੇ ਵਿਚ ਆਪਣਾ ਬੋਦਾ ਵੀ ਵਾਅ ਲਿਆ। ਕਈਆਂ ਨੇ ਆਪਣੇ ਸਕੂਟਰ ਮੋਟਰਸੈਕਲਾਂ ਦੇ ਵੱਧ ਪਟਰੋਲ ਪੀਂਦੇ ਦੇ ਦੁਖੜੇ ਰੋਣੇ। ਇਹ ਸਭ ਕੁਝ ਵਾਪਰਦੇ ਨੂੰ ਦੋਖ ਕਈ ਵਾਰ ਵੀ ਆਈ ਪੀ ਵਰਗੀ ਫੀਲਿੰਗ ਵੀ ਆ ਜਾਣੀ, ਇਹ ਵੀ ਸੋਚਣਾ ਕਿ ਔਖੇ ਹੋ ਕੇ ਲਾਏ ਪੈਸੇ ਵਸੂਲ ਹੋ ਗਏ ਹੋਣ, ਪਰ ਅਗਲੇ ਹੀ ਪਲ ਆਪਣੇ ਆਪ ਨੂੰ ਫਟਕਾਰ ਪਾਉਣੀ ਤੇ ਮੁੜ ਧਰਤੀ ਤੇ ਆ ਜਾਣਾ। ਇਕ ਦਿਨ ਰਣਤੇਜ (ਪਿਛਲੀ ਪੋਸਟ ਵਾਲਾ) ਕਹਿੰਦਾ ਕਿ ਮੈਂ ਵੀ ਡੀਜ਼ਲ ਵਾਲਾ ਬੁਲਟ ਲੈਣਾ ਤੇ ਉਸਨੇ ਬੁਲਟ ਬਨਣਾ ਦੇ ਦਿਤਾ। ਇਕ ਦਿਨ ਕਹਿੰਦਾ ਕੇ, ਦਸ ਰੰਗ ਕਿਹੜਾ ਕਰੀਏ, ਲਾਲ, ਹਰਾ, ਨੀਲਾ, ਕਿ ਕਾਲਾ? ਮੈਂ ਕਿਹਾ ਰੰਗ ਤਾਂ ਇਕੋ ਜਿਹੇ ਹੀ ਹੁੰਦੇ ਹਨ, ਨੀਲਾ ਲਾਲ ਤੋਂ ਮਾੜਾ ਨਹੀਂ ਜਾਂ ਪੀਲਾ ਹਰੇ ਤੋਂ ਚੰਗਾ ਨਹੀਂ, ਜਿਹੜਾ ਮਰਜ਼ੀ ਕਰਾ ਲੈ।
‘ਫੇਰ ਵੀ ਤੂੰ ਦਸ ਤਾਂ ਸਹੀ?'
‘ਐਂ ਕਰ ਚਿੱਟਾ ਕਰਾ ਲੈ, ਕਿਉਂਕਿ ਅਸਲ ਵਿਚ ਰੰਗ ਤਾਂ ਦੋ ਹੀ ਹੁੰਦੇ ਹਨ, ਕਾਲਾ- ਖਾਲੀ ਪਨ ਦਾ ਤੇ ਚਿੱਟਾ-ਭਰਪੂਰਤਾ ਦਾ, ਬਾਕੀ ਰੰਗ ਤਾਂ ਅਧੂਰੀ ਰੋਸ਼ਨੀ ਹੀ ਹੁੰਦੇ ਹਨ।'
ਕਈ ਸਾਲ ਅੰਡੇ ਵਰਗਾ ਚਿੱਟਾ ਬੁਲਟ ਲੁਧਿਆਣੇ ਦੀਆਂ ਸੜਕਾਂ ਤੇ ਘੁੰਮਦਾ ਰਿਹਾ।
ਮਨ ਦੀ ਮੌਜ 13