ਸਮੱਗਰੀ 'ਤੇ ਜਾਓ

ਪੰਨਾ:ਮਨ ਦੀ ਮੌਜ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰੋਂ ਰੱਜ ਕੇ ਆਇਆਂ

ਇਕ ਦਿਨ ਮੈਂ ਤੇ ਮੇਰਾ ਮਾਮੇ ਦਾ ਮੁੰਡਾ ਹੀ ਘਰੇ ਸੀ। ਬਾਕੀ ਟੱਬਰ ਕਿਤੇ ਗਿਆ ਹੋਇਆ ਸੀ। ਸਵੇਰ ਦਾ ਵਕਤ ਸੀ, ਮੈਂ ਕਾਲਜ ਜਾਣਾ ਸੀ ਤੇ ਉਹਨੇ ਦਫਤਰ ਜਾਣਾ ਸੀ। ਸਾਡੇ ਕੋਲ 8 ਰੋਟੀਆਂ ਪੱਕੀਆਂ ਪਈਆਂ ਸਨ। ਦੋ ਦੋ ਅਸੀਂ ਹੁਣ ਖਾਣੀਆਂ ਸੀ ਤੇ ਦੋ ਦੋ ਦੁਪਹਿਰ ਵਾਸਤੇ ਸਨ। ਸ਼ਾਮ ਦੇ ਰੋਟੀ ਵੇਲੇ ਤਕ ਬਾਕੀ ਟੱਬਰ ਨੇ ਮੁੜ ਹੀ ਆਉਣਾ ਸੀ। ਹਾਲੇ ਅਸੀਂ ਟੇਬਲ ਤੇ ਬੈਠਣ ਹੀ ਲੱਗੇ ਸੀ ਕਿ ਮੇਰਾ ਜਮਾਤੀ ਵਿੱਕੀ ਆ ਗਿਆ, ਉਹ ਹੱਸਮੁੱਖ ਤੇ ਧੱਕੜ ਮੁੰਡਾ ਸੀ। ਅਸੀਂ ਉਸਨੂੰ ਕਿਹਾ ਕਿ ਉਹ ਵੀ ਰੋਟੀ ਖਾ ਲਵੇ, ਪਰ ਉਹ ਕਹਿੰਦਾ, ਮੈਂ ਤਾਂ ਘਰੋਂ ਰੱਜ ਕੇ ਆਇਆਂ, ਮੈਂ ਕਹਿ ਬੈਠਾ ਕਿ ਰਾਤ ਦੇ ਮਿੱਠੇ ਪਰਸ਼ਾਦੇ ਆ, ਸੁਆਦ ਦੇਖਲਾ। ਅੱਛਾ ਕਹਿ ਕੇ ਸਾਡੇ ਨਾਲ ਬੈਠ ਗਿਆ। ਅੰਬ ਦੇ ਅਚਾਰ ਨਾਲ, ਸਾਡੇ ਇਕ ਇਕ ਪਰਸ਼ਾਦਾ ਖਾਂਦੇ ਨੂੰ ਜੁਆਨ ਛੇ ਉਧੇੜ ਗਿਆ। ਪਾਣੀ ਕਹਿੰਦਾ ਮੈਂ ਕਾਲਜ ਜਾ ਕੇ ਹੀ ਪੀਊਂ। ਸ਼ੁਕਰ ਹੈ ਹਾਲੇ ਉਹ ਘਰੋਂ ਖਾ ਕੇ ਆਇਆ ਸੀ, ਨਹੀਂ ਤਾਂ ਪਾਣੀ ਅਸੀਂ ਵੀ ਕਾਲਜ ਜਾ ਕੇ ਹੀ ਪੀਣਾ ਸੀ।

ਮਨ ਦੀ ਮੌਜ 16