ਸਮੱਗਰੀ 'ਤੇ ਜਾਓ

ਪੰਨਾ:ਮਨ ਦੀ ਮੌਜ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਸਾਲੇ ਵਾਲੀਆਂ ਦੋ ਕੁੜੀਆਂ

1970 ਵਿਚ ਮੈਂ ਪਹਿਲੀ ਵਾਰ ਅਮਰੀਕਾ ਗਿਆ। ਉਸਤੋਂ ਪਹਿਲੋਂ ਇਕ ਮਹੀਨਾ ਇੰਗਲੈਂਡ ਬਿਤਾਇਆ। ਉੱਥੇ ਦੀਆਂ ਵੀ ਕਈ ਯਾਦਾਂ ਹਨ, ਪਰ ਗੱਲ ਅੱਜ ਅਮਰੀਕਾ ਦੀ ਹੀ ਕਰਦੇ ਹਾਂ। ਜਿੱਥੇ ਮੈਂ ਅਗਲੇਰੀ ਪੜ੍ਹਾਈ ਲਈ ਦਾਖਲਾ ਲਿਆ, ਉੱਥੇ 1700 ਵਿਦਿਆਰਥੀ ਸਨ। ਮੈਂ ਇਕੱਲਾ ਹੀ ਪਗੜੀ ਵਾਲਾ ਸੀ। ਉਦੋਂ ਵੈਸੇ ਵੀ ਬਹੁਤ ਹੀ ਘੱਟ ਭਾਰਤੀ ਹੁੰਦੇ ਸਨ ਤੇ ਪੰਜਾਬੀ ਤਾਂ ਨਾਮਾਤਰ। ਬਾਕੀ ਵਿਦਿਆਰਥੀ ਮੈਂਨੂੰ ਕਿਸੇ ਦੇਸ਼ ਦਾ ਰਾਜਕੁਮਾਰ ਹੀ ਸਮਝਦੇ ਸਨ। ਕੁਝ ਉਹਨਾਂ ਦੇ ਸੁਭਾਅ ਦਾ ਹਿੱਸਾ ਹੈ ਅਤੇ ਕੁਝ ਮੇਰੀ ਵੱਖਰੀ ਦਿੱਖ ਕਰਕੇ, ਮੈਨੂੰ ਹਰ ਕੋਈ ਬੁਲਾ ਕੇ ਲੰਘਦਾ। ਮੈਂ ਉਹਨਾਂ ਲਈ ਅਜੂਬੇ ਤੋਂ ਘੱਟ ਨਹੀਂ ਸਾਂ। ਇਕ ਦਿਨ ਉਹਨਾਂ ਦੇ ਮਾਸਿਕ ਰਸਾਲੇ ਵਾਲੀਆਂ ਦੋ ਕੁੜੀਆਂ ਮੇਰੀ ਇੰਟਰਵੀਊ ਲੈਣ ਆ ਗਈਆਂ। ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਪੁੱਛੇ ਤੇ ਮੈਂ ਜਵਾਬ ਦੇਂਦਾ ਰਿਹਾ। ਮੇਰੀ ਅੰਗਰੇਜ਼ੀ ਤੋਂ ਉਹ ਖੁਸ਼ ਸਨ। ਪਰ ਉਹਨਾਂ ਦਾ ਆਖਰੀ ਸਵਾਲ ਅੱਜ ਵੀ ਮੈਨੂੰ ਯਾਦ ਹੀ ਨਹੀਂ, ਹਮੇਸ਼ਾਂ ਮੇਰੇ ਅੰਗ ਸੰਗ ਰਹਿੰਦਾ ਹੈ ਤੇ ਮੈਂ ਉਸਦਾ ਜਵਾਬ, ਲੜਾਈਆਂ ਲੜਦੀਆਂ ਧਿਰਾਂ ਤੋਂ ਪੁੱਛਦਾ ਰਹਿਨਾ। ਸਵਾਲ ਬੜਾ ਸੌਖਾ ਤੇ ਸਹਿਜ ਸੀ, ‘ਅੰਗਰੇਜ਼ੀ ਤਾਂ ਵਧੀਆ ਬੋਲ ਲੈਂਦੇ ਹੋ, ਪਰ ਤੁਸੀਂ ਸੋਚਦੇ ਕਿਹੜੀ ਭਾਸ਼ਾ ਚ ਹੋ?'

ਮਨ ਦੀ ਮੌਜ 18