ਚਸ਼ਮਾਈ ਗੱਲਾਂ
‘ਡਾ. ਸਾਹਿਬ ਆਓ ਤੁਹਾਨੂੰ ਕੁਝ ਦਿਖਾਵਾਂ' ਕਹਿ ਮੈਂ ਥੱਕੇ ਆਏ ਆਤਮਜੀਤ ਨੂੰ ਘਰ ਦੀ ਬੇਸਮੈਂਟ ਵਿੱਚ ਲੈ ਗਿਆ। ਬੇਸਮੈਂਟ ਦੀ ਇਕ ਕੈਬਿਨ ਵਿਚ ਇਕ ਬਜ਼ੁਰਗ ਮੰਜੀ ਤੇ ਬੈਠਾ ਬੁੜਬੜਾ ਰਿਹਾ ਸੀ। ਆਵਾਜ਼ ਵਿੱਚ ਦਮ ਸੀ। ਉਹ ਕਿਸੇ ਨੂੰ ਦਬਕੇ ਮਾਰ ਰਿਹਾ ਸੀ। ਸ਼ੁੱਧ ਦੁਆਬੇ ਦੀ ਭਾਸ਼ਾ ਵਿੱਚ ਉਹ ਆਪਣੇ ਪਿੰਡ ਦੇ ਕਿਸੇ ਬੱਚੇ ਨੂੰ ਖੂਹ ਦੀ ਮੌਣ ਤੋਂ ਪਰ੍ਹੇ ਹਟਾ ਰਿਹਾ ਸੀ। ਜਦੋਂ ਵੀ ਅਸੀਂ ਵਿਹਲੇ ਹੋਣਾ ਬਜ਼ੁਰਗ ਦੀਆਂ ਆਪ-ਮੁਹਾਰੀਆਂ ਚਸ਼ਮਾਈ ਗੱਲਾਂ ਸੁਨਣ ਆ ਬੈਠਣਾ। ਕਈ ਵਾਰੀ ਤਾਂ ਅਸੀਂ ਵਿੱਚੋਂ ਬੋਲ ਪੈਣਾ ਜਾਂ ਹੁੰਗਾਰਾ ਭਰ ਦੇਣਾ। ਬਜ਼ੁਰਗ ਨੇ ਵੀ ਸਾਨੂੰ ਜੁਆਬ ਦੇ ਦੇਣਾ ਤੇ ਕਈ ਵਾਰੀ ਉਸਦੇ ਅਚੇਤ ਮਨ ਨੇ ਸਾਡੀ ਗੱਲ ਅੰਕਿਤ ਨਾ ਕਰਕੇ ਹੱਸ ਛੱਡਣਾ ਜਾਂ ਸਾਨੂੰ ਨਲਾਇਕ ਗਰਦਾਨ ਦੇਣਾ। ਇਹ ਬਜ਼ੁਰਗ ਅਜ ਮਜ਼ਬੂਰੀ ਵੱਸ ਕੈਨੇਡਾ ਸੀ। ਸੱਚ ਪੁੱਛੋ ਤਾਂ ਹੋਰ ਜਾ ਵੀ ਕਿੱਥੇ ਸਕਦਾ ਸੀ ਜਾਂ ਰਹਿ ਵੀ ਕਿੱਥੇ ਸਕਦਾ ਸੀ। ਇਸਦਾ ਸਾਰਾ ਕੋੜਮਾ ਤਾਂ ਨਵੀਂ ਜ਼ਿੰਦਗੀ ਦੀ ਆਸ ਵਿਚ ਕੈਨੇਡਾ ਆ ਚੁੱਕਾ ਸੀ। ਉਸਦੀ ਮਾਨਸਿਕ ਤੇ ਸਰੀਰਕ ਹਾਲਤ ਵਿੱਚ ਆਪਸੀ ਮੇਲ ਜੋਲ ਨਹੀਂ ਸੀ ਰਿਹਾ। ਪਰ ਸਾਰੀ ਉਮਰ ਦੀ ਬਿਤਾਈ ਜ਼ਿੰਦਗੀ ਹਾਲੇ ਉਸਦੇ ਅਚੇਤ ਮਨ ਵਿੱਚ ਯਾਦ ਸੀ। ਉਹ ਕਿੱਥੇ ਹੈ ਤੇ ਕਿਉਂ ਹੈ, ਇਸ ਦਾ ਉਸਨੂੰ ਬਿਲਕੁਲ ਪਤਾ ਨਹੀਂ ਸੀ। ਅਸੀਂ ਕੌਣ ਹਾਂ, ਉਸਨੂੰ ਸੁਣ ਰਹੇ ਹਾਂ ਜਾਂ ਨਹੀਂ, ਉਸਦੇ ਕਾਰਜ ਖੇਤਰ ਤੋਂ ਬਾਹਰ ਦੀ ਗੱਲ ਹੋ ਚੁੱਕੀ ਸੀ ਤੇ ਇਹੋ ਜਿਹੇ ਮੌਕੇ ਉਸਦੇ ਦਿਮਾਗ ਵਿੱਚ ਅਤੀਤ ਦਾ ਹੋਇਆ ਫਿਲਮਾਂਕਣ ਹੀ ਉਸਦੀ ਕੁੱਲ ਪੂੰਜੀ ਸੀ।
ਜ਼ਿੰਦਗੀ ਵਿੱਚ ਇਹ ਨਾਟਕ ਕਿਸੇ ਨੂੰ ਵੀ ਖੇਡਣਾ ਪੈ ਸਕਦਾ ਹੈ, ਵਰਗੀ ਸੋਚ ਨੇ ਮੈਨੂੰ ਉਦਾਸ ਕੀਤਾ ਸੀ ਤੇ ਅੱਜ ਵੀ ਉਦਾਸ ਕਰ ਦੇਂਦੀ ਹੈ। ਜਦੋਂ ਮਨੁੱਖ ਦੇ ਆਪਣੇ ਵੱਸ ਕੁਝ ਨਹੀਂ ਹੁੰਦਾ ਤਾਂ ਸਿਰਫ ਜੀਵੇ ਜੀਵਨ ਦਾ ਸੱਚ ਹੀ ਜ਼ੁਬਾਨ ਬਣਦਾ ਹੈ। ਹੋ ਸਕਦਾ ਹੈ ਤੁਸੀਂ ਇਹੋ ਜਿਹੇ ਮੌਕੇ ਆਪਣੇ ਸਾਰੀ ਜ਼ਿੰਦਗੀ ਰੱਖੇ ਹੋਏ ਓਹਲੇ ਵੀ ਬੋਲ ਦੇਵੋ ਤੇ ਇੰਜ ਪਰਿਵਾਰਾਂ ਵਿੱਚ ਇਕ ਤੂਫਾਨ ਖੜ੍ਹਾ ਹੋ ਸਕਦਾ ਹੈ। ਇਸੇ ਡਰ ਨੇ ਹਮੇਸ਼ਾ ਮੈਨੂੰ ਝੂਠ ਬੋਲਣ ਤੋਂ ਵਰਜਿਆ ਹੈ ਤੇ ਜ਼ਿੰਦਗੀ ਵੱਧ ਤੋਂ ਵੱਧ ਸੁੱਚਤਾ ਨਾਲ ਜਿਊਣ ਲਈ ਪ੍ਰੇਰਿਆ ਹੈ। ਕੀ ਪਤਾ ਮੈਂ ਜਾਂ ਤੁਸੀ ਵੀ ਇਸ ਹਾਲਤ ਵਿੱਚ ਕਦੋਂ ਪਹੁੰਚ ਜਾਈਏ।
ਮਨ ਦੀ ਮੌਜ 45