ਦੋ ਰੁਪਏ ਦਾ ਪੈਕਟ
1983 ਦੀ ਸਰਦੀ ਦੀ ਇਕ ਸ਼ਾਮ ਸੀ. ਅਸੀਂ ਪਾਵਟੇ ਹਾਊਸ ਪੀਏਯੂ ਦੇ ਇਕ ਫਲੈਟ ਵਿਚ ਬੈਠੇ ਸੀ। ਭੁੱਖ ਲਗੀ ਹੋਈ ਸੀ। ਸਾਡੇ ਦੋਸਤ ਨੇ ਕਿਹਾ ਦੋ ਮਿੰਟ ਰੁਕੋ। ਥੋੜੀ ਦੇਰ ਬਾਅਦ ਉਹ ਸੇਵੀਆਂ ਜਿਹੀਆਂ ਲੈ ਕੇ ਆ ਗਿਆ, ਭਾਫ ਛੱਡਦੀਆਂ ਸੇਵੀਆਂ ਪਹਿਲੀ ਵਾਰ ਦੇਖੀਆਂ ਸੀ, ਜਦ ਮੂੰਹ ਚ ਪਾਈਆਂ ਤਾਂ ਸੁਆਦ ਬੜਾ ਜਿਆਕੇਦਾਰ ਸੀ। ਜਦ ਭੁੱਖ ਨੂੰ ਥੋੜੀ ਠੱਲ ਪਈ ਤਾਂ ‘ਆ ਕੀ ਆ?' ਕਹਿਣ ਦਾ ਹੌਂਸਲਾ ਕੀਤਾ। ‘ਇਹਨੂੰ ਮੈਗੀ ਕਹਿੰਦੇ ਆ ਤੇ ਦੋ ਰੁਪਏ ਦਾ ਪੈਕਟ ਆਉਂਦਾ' ਦੋਸਤ ਦਾ ਜਵਾਬ ਸੀ। ਸੁਆਦ ਦੇ ਨਾਲ ਨਾਲ ਅਚੰਭਾ ਵੀ ਹੋ ਰਿਹਾ ਸੀ ਤੇ ਰੋਟੀਆਂ ਦਾ ਭਵਿੱਖ ਵੀ ਡੋਲਦਾ ਨਜ਼ਰ ਆ ਰਿਹਾ ਸੀ। ਰਾਤ ਦੇ ਅੱਠ ਵੱਜ ਗਏ, ਹੁਣ ਵਿਛੜਨ ਦਾ ਵੇਲਾ ਸੀ। ਮੈਂ ਪਟਿਆਲੇ ਲਈ ਬਸ ਫੜ੍ਹਨੀ ਸੀ। ਹਨ੍ਹੇਰਾ ਹੋ ਚੁੱਕਾ ਸੀ। ਸਲਾਹ ਇਹ ਬਣੀ ਕਿ ਦੋਸਤ ਦਾ ‘ਵਿਜੇ’ ਸਕੂਟਰ ਹੀ ਪਟਿਆਲੇ ਨੂੰ ਹਕ ਲਿਆ ਜਾਵੇ। ਉਹਨਾਂ ਦਿਨਾਂ ਵਿਚ ਵਿਜੇ ਸਕੂਟਰ ਨੇ ਪ੍ਰੋਫੈਸਰਾਂ ਨੂੰ ਬਹੁਤ ਇਜ਼ਤ ਬਖਸ਼ੀ ਸੀ, ਕਿਉਂਕਿ ਦੂਜੇ ਵੈਸਪਾ ਸਕੂਟਰ ਤੇ ਕਾਰਾਂ ਉਹਨਾਂ ਦੇ ਵਿੱਤੋਂ ਬਾਹਰ ਸਨ। ਸਕੂਟਰ ਕਿੱਕ ਸਟਾਰਟ ਵੀ ਨਹੀਂ ਸੀ। ਮੈਂ ਉੱਤੇ ਬੈਠ ਗਿਆ ਤੇ ਦੋ ਜਣਿਆ ਨੇ ਧੱਕਾ ਲਾਕੇ ਮੈਨੂੰ ਪਟਿਆਲੇ ਦੇ ਰਾਹ ਪਾ ਦਿੱਤਾ। ਖੰਨੇ ਕੋਲ ਰਾਤ ਨੂੰ ਮੱਧਮ ਰੋਸ਼ਨੀ ਵਾਲੇ ਇਸ ਰੱਥ ਨੂੰ ਪੁਲਸ ਵਾਲਿਆਂ ਰੋਕ ਲਿਆ। ਉਹਨਾਂ ਕਈ ਸੁਆਲ ਕੱਠੇ ਹੀ ਕਰ ਦਿੱਤੇ। ਮੇਰਾ ਵੀ ਲੰਮਾ ਜਿਹਾ ਜੁਆਬ ਸੀ। ‘ਪਟਿਆਲੇ ਜਾਣਾ ਜ਼ਰੂਰੀ ਆ, ਬਸ ਮਿਲੀ ਨਹੀਂ ਸਕੂਟਰ ਮੰਗਵਾ ਵਾ, ਕਾਗਜ਼ਾਂ ਦਾ ਪਤਾ ਨਹੀਂ ਵਿਚ ਹੈ ਗੇ ਕਿ ਨਹੀਂ। ਕਿੱਕ ਨਾਲ ਸਟਾਰਟ ਨਹੀਂ ਹੁੰਦਾ। ਹੁਣ ਜੇ ਕਾਗਜ਼ ਕੱਢਣ ਲਈ ਚਾਬੀ ਕੱਢਣੀ ਪਈ ਤਾਂ ਬੰਦ ਕਰਨਾ ਪਊ। ਜੇ ਕਾਗਜ਼ ਹੋਏ ਤਾਂ ਤੁਹਾਨੂੰ ਧੱਕਾ ਲਾਉਣਾ ਪਊ'
ਲਓ ਜੀ ਫੋਰ ਆਪਾਂ ਸਰਦੀਆਂ ਦੀ ਠੰਡੀ ਹਵਾ ਦਾ ਆਨੰਦ ਮਾਣਦੇ, ਅੱਧੀ ਰਾਤ ਤੋਂ ਪਹਿਲੋਂ ਪਹਿਲੋਂ ਹੀ ਘਰ ਪਹੁੰਚ ਗਏ।
ਮਨ ਦੀ ਮੌਜ 48