ਇਕ ਵੱਡਾ ਕਦਮ
ਮਈ ਦਿਵਸ ਦਾ ਰੌਣਕ ਮੇਲਾ ਜੋਬਨ ਤੇ ਸੀ। ਮੈਂ ਵੀ ਪਾਰਕ ਵਿਚ ਲੱਗੇ ਕਿਤਾਬਾਂ ਦੇ ਸਟਾਲਾਂ ਤੇ ਗੇੜਾ ਮਾਰ ਰਿਹਾ ਸੀ। ਹਰ ਸਾਲ ਇਹ ਮੇਲਾ ਲੁਧਿਆਣੇ ਲੱਗਦਾ ਹੈ, ਦਿਨੇ ਕਿਤਾਬਾਂ ਦੀ ਗੱਲ ਹੁੰਦੀ ਹੈ ਤੇ ਰਾਤ ਨੂੰ ਨਾਟਕ ਹੁੰਦੇ ਹਨ। ਭਾਵੇਂ ਹਰ ਸਾਲ ਰੌਣਕ ਘੱਟ ਰਹੀ ਹੈ, ਪਰ ਫੇਰ ਵੀ ਵਾਹਵਾ ਲੋਕ ਆ ਜਾਂਦੇ ਹਨ। ਕਈ ਮਿੱਤਰ ਪਿਆਰੇ ਮਿਲ ਜਾਂਦੇ ਹਨ। ਇੱਥੇ ਜ਼ਿਆਦਾ ਕਾਮਰੇਡੀ ਪੁੱਠ ਵਾਲੀਆਂ ਕਿਤਾਬਾਂ ਹੁੰਦੀਆਂ ਹਨ, ਪਰ ਫੇਰ ਵੀ ਕੋਈ ਨਾ ਕੋਈ ਪਸੰਦ ਦੀ ਕਿਤਾਬ ਮਿਲ ਹੀ ਜਾਂਦੀ ਹੈ।
ਮੇਰੇ ਖੱਬੇ ਮੋਢੇ ਦੇ ਦਰਦ ਕਰਕੇ, ਮੈਂ ਸਿਰ ਇਕ ਕਪੜੇ ਦੀ ਸਾਦਾ ਟੋਪੀ ਨਾਲ ਢੱਕ ਲੈਂਦਾ ਸੀ ਕਿਉਂਕੇ ਮੇਰੇ ਕੋਲੋਂ ਪੱਗ ਨਹੀਂ ਸੀ ਬੱਝਦੀ ਤੇ ਕਿਸੇ ਕੋਲੋਂ ਪੱਗ ਬਨਾਉਣਾ ਮੈਨੂੰ ਚੰਗਾ ਨਹੀਂ ਸੀ ਲੱਗਦਾ।
ਫਿਰਦੇ ਫਿਰਦੇ ਇਕ ਕਿਤਾਬਾਂ ਦੇ ਸਟਾਲ ਤੇ ਪਹੁੰਚਿਆ। ਸਟਾਲ ਦਾ ਮਾਲਕ ਸੋਹਣਾ ਸਮਾਰਟ ਸੀ। ਖੁਸ਼ ਚਿਹਰਾ ਤੇ ਸੋਹਣੀ ਲਾਲ ਪੱਗ। ਜਾਣਦਾ ਤਾਂ ਮੈਂ ਉਹਨੂੰ ਕਈ ਦਹਾਕਿਆ ਤੋਂ ਸੀ, ਪਰ ਅੱਜ ਉਸ ਮੈਨੂੰ ਅੰਦਰੋਂ ਝੰਜੋੜ ਦਿੱਤਾ, ਮੈਨੂੰ ਆਪਣੇ ਆਪ ਤੇ ਸ਼ਰਮ ਵੀ ਆ ਰਹੀ ਸੀ ਤੇ ਗੁੱਸਾ ਵੀ। ਕਿ ਕਿਵੇਂ ਅਸੀਂ ਕਿਸੇ ਛੋਟੀ ਜਿਹੀ ਬਿਮਾਰੀ ਨੂੰ ਬਤੰਗੜ ਬਣਾ ਲੈਂਦੇ ਹਾਂ ਤੇ ਖੁੱਲ੍ਹਾਂ ਲੈਣ ਦੇ ਆਦੀ ਹੋ ਜਾਂਦੇ ਹਾਂ। ਮੈਂ ਸੱਜੇ ਹੱਥ ਨਾਲ ਆਪਣਾ ਮੋਢਾ ਚੈੱਕ ਕੀਤਾ, ਕੂਹਣੀ ਚੈੱਕ ਕੀਤੀ, ਹੱਥ ਤੇ ਹੱਥ ਦੀਆਂ ਉਂਗਲੀਆਂ ਚੈੱਕ ਕੀਤੀਆਂ, ਸਭ ਕੁਝ ਹਾਜ਼ਰ ਸੀ ਤੇ ਥੋੜਾ ਬਹੁਤ ਚੱਲਦਾ ਵੀ ਸੀ। ਆਪਣੇ ਆਪ ਨੂੰ ਫਿੱਟ ਲਾਹਨਤ ਪਾਈ ਕਿ, ਤੇਰੇ ਕੋਲ ਸਭ ਕੁਝ ਹੈ, ਤੂੰ ਬਹਾਨੇ ਨਾ ਮਾਰ, ਅੱਜ ਤੋਂ ਬਿੰਨ੍ਹਾਂ ਕਿਸੇ ਦੀ ਮਦਦ ਲਏ ਪੱਗ ਬੰਨ੍ਹੇਗਾ, ਤੇ ਮੈਂ ਮੇਲਾ ਵਿਚ ਛੱਡ ਕਿ ਘਰ ਆ ਕੇ 40 ਮਿੰਟ ਲਾ ਕੇ ਪੱਗ ਬੰਨੀ ਤੇ ਮੁੜ ਮੇਲੇ ਵਿਚ ਜਾਕੇ, ਉਸ ਖੂਬਸੂਰਤ ਪੱਗ ਵਾਲੇ ਪਰ ਬਿੰਨ੍ਹਾਂ ਖੱਬੀ ਬਾਂਹ ਵਾਲੇ ਇਨਸਾਨ ਨੂੰ ਸਿਜਦਾ ਕੀਤਾ। ਕਦੇ ਵੀ ਹੌਸਲਾ ਨਾ ਹਾਰਨ ਵਾਲੀ ਸੋਚ ਵੱਲ ਇਹ ਇਕ ਵੱਡਾ ਕਦਮ ਹੋ ਨਿਬੜਿਆ।
ਮਨ ਦੀ ਮੌਜ 50