ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਉਸਦੇ ਕੁਝ ਸ਼ਿਅਰ ਤਾਂ ਬੜੇ ਮਾਰਮਿਕ, ਅਭੁੱਲ ਤੇ ਅਮੁੱਲੇ ਹਨ। ਜਿਸ ਨੂੰ ਮੈਂ ਆਪਣੀ ਪਸੰਦ ਵੀ ਕਹਿ ਸਕਦਾ ਹਾਂ। ਜਿਵੇਂ:
ਅਰਸ਼ ਵਿਚ ਡਾਰ ਤਕ ਮੁਰਗ਼ਾਬੀਆਂ ਦੀ,
ਕੁਈ ਰੇਤੇ 'ਚ ਪੈੜਾਂ ਟੋਲਦਾ ਹੈ।

ਇਹ ਸੰਨਾਟਾ ਉਦਾਸੀ ਪੌਣ ਕਹਿਰੀ
ਦੋਹਾਂ ਦਾ ਰੂਪ ਮੇਰੇ ਘਰ ਜਿਹਾ ਸੀ।

ਜੇ ਤਪਦੇ ਥਲ 'ਚ ਸੂਰਜ ਵੀ ਨਾ ਹੁੰਦਾ
ਤੂੰ ਅਪਣੀ ਛਾਂ ਲਈ ਤਰਸਣਾ ਸੀ।

ਸੋਚਾਂ ਦੀ ਹਨੇਰੀ ਵਿਚ ਮੈਂ ਖਿੰਡ ਗਿਆਂ ਏਦਾਂ,
ਬੂਹੇ 'ਤੇ ਖੜੋਤਿਆਂ ਵੀ ਸੌ ਮੀਲ 'ਤੇ ਘਰ ਲੱਗੇ।

ਕਤਰਨ ਨੂੰ ਉਹ ਪਰ ਮੇਰੇ, ਫਿਰ ਲੈਕੇ ਤੇ ਆਏ ਨੇ,
ਕੈਂਚੀ ਵੀ ਉਹ ਜਿਸ ਨੂੰ ਕਿ ਸੋਨੇ ਦੇ ਨੇ ਪਰ ਲੱਗੇ।
ਗੁਰਭਜਨ ਗਿੱਲ ਨੇ ਗ਼ਜ਼ਲਾਂ ਦੇ ਰੂਪਕ ਪੱਖ ਬਾਰੇ ਵੀ ਕੁਝ ਤਜਰਬੇ ਕੀਤੇ ਹਨ। ਕਿਤੇ ਸੁਲਤਾਨ ਬਾਹੂ ਦੀ ਰਵਸ਼ ਅਖ਼ਤਿਆਰ ਕੀਤੀ ਹੈ ਤੇ ਕਿਤੇ ਪੀਲੂ ਦੀ। ਕਿਤੇ ਲੋਕ-ਕਾਵਿ ਦੀਆਂ ਧਾਰਨਾਂ ਸੁਰਜੀਤ ਕੀਤੀਆਂ ਹਨ ਤੇ ਕਿਤੇ ਕਬਿੱਤ ਦਾ ਛੰਦ ਅਪਣਾਇਆ ਹੈ।
ਇਕ ਫ਼ਾਰਸੀ ਵਿਦਵਾਨ ਨੇ ਕਿਹਾ ਸੀ ਕਿ ਜਿਸ ਸ਼ਾਇਰ ਕੋਲ ਪੇਂਡੂ ਪਿਛੋਕੜ ਨਹੀਂ ਉਸ ਕੋਲ ਪ੍ਰਗਟਾਅ ਵਿਧੀ ਅੰਦਰ ਸ਼ਬਦਾਂ ਦੀ ਸਦਾ ਥੁੜ ਰਹੇਗੀ। ਗੁਰਭਜਨ ਗਿੱਲ ਸਗਵਾਂ ਪੇਂਡੂ ਪਿਛੋਕੜ ਵਾਲਾ ਸ਼ਾਇਰ ਹੈ ਏਸੇ ਲਈ ਉਸ ਕੋਲ ਸੱਚੀ ਸੁੱਚੀ ਭਾਸ਼ਾ ਦਾ ਭੰਡਾਰਾ ਹੈ।
ਅੱਜ ਦੇ ਬਹੁਤੇ ਕਵੀ ਤੇ ਖਾਸ ਕਰਕੇ ਕਵਿਤ੍ਰੀਆਂ (ਗ਼ਜ਼ਲਗੋ) ਸਵੈ-ਤਰਸ ਦੇ ਭਾਗੀ ਬਣ ਕੇ ਲੋਕਾਂ/ਪਾਠਕਾਂ/ ਆਲੋਚਕਾਂ ਤੋਂ ਤਰਸ ਰਾਹੀਂ ਸਥਾਪਨਾ ਦੀ ਖ਼ੈਰਾਇਤ ਲੈਣਾ ਚਾਹੁੰਦੇ ਹਨ ਪਰ ਗੁਰਭਜਨ ਦੀ ਸ਼ਾਇਰੀ ਵਿਚ ਅਜਿਹੀ ਖ਼ੈਰ ਦੀ ਪ੍ਰਸੰਸਾ ਲੈਣ ਦੇ ਕਿਤੇ ਵੀ ਚਿੰਨ੍ਹ ਵਿਖਾਈ ਨਹੀਂ ਦਿੰਦੇ। ਬਲਕਿ ਉਹ ਨਿਰਾਸ਼ਾ ਦੇ ਹਨੇਰੇ ਵਿਚ ਸੂਰਜ ਵਾਂਗ ਮਘਦਾ ਹੈ:
ਇਸਨੂੰ ਵੇਖ ਉਦਾਸ ਨਹੀਂ ਹੈ ਜੂਨ ਮਹੀਨੇ ਕੇਸੂ,
ਸੂਹੇ ਸੂਰਜ ਹਰ ਟ੍ਹਾਣੀ 'ਤੇ ਪੱਤਰ ਟਾਵੇਂ ਟਾਵੇਂ।

ਮੈਂ ਤੇਰੇ ਤੋਂ ਕੁਝ ਨਈ ਮੰਗਦਾ, ਠੀਕਰੀਆਂ ਨਾ ਲੀਰਾਂ,
ਕਰ ਅਰਦਾਸ ਉਮਰ ਭਰ ਤੁਰੀਏ ਇਕ ਦੂਜੇ ਦੀ ਛਾਵੇਂ।

10- ਮਨ ਦੇ ਬੂਹੇ ਬਾਰੀਆਂ