ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਵਗ ਰਹੀ ਠੰਢੀ ਹਵਾ ਹੈ।
ਨਿੱਘ ਕਿਧਰੇ ਲਾਪਤਾ ਹੈ।

ਟਾਹਣੀਆਂ ਵਿਚ ਫੁੱਲ ਜੀਂਦੇ,
ਪੱਤਝੜਾਂ ਨੂੰ ਕੀ ਪਤਾ ਹੈ।

ਚਾਰ ਪਾਸੇ ਪਾਣੀਆਂ ਵਿਚ,
ਰੁੱਖ ਕਿਉਂ ਸੁੱਕਾ ਖੜ੍ਹਾ ਹੈ?

ਦਰਦ ਤਾਈਂ ਵੰਡ ਦੇਣਾ,
ਏਸ ਦੀ ਏਹੀ ਦਵਾ ਹੈ।

ਕਤਲਗਾਹੋ ਨਾ ਡਰਾਉ,
ਇਹ ਤਾਂ ਸਾਡੀ ਗੁਜ਼ਰਗਾਹ ਹੈ।

ਫ਼ਿਕਰ ਦੀ ਧੁੱਪੇ ਖਲੋਣਾ,
ਏਸ ਦਾ ਅਪਣਾ ਮਜ਼ਾ ਹੈ।

ਅੱਥਰੂ ਕਿੰਞ ਸ਼ਬਦ ਬਣਦੇ,
ਇਹ ਤਾਂ ਇਕ ਵੱਖਰਾ ਸਫ਼ਾ ਹੈ।

ਮਰ ਨਾ ਜਾਵੇ ਆਦਮੀਅਤ,
ਅੱਜ ਏਹੀ ਤੌਖ਼ਲਾ ਹੈ।

ਮਨ ਦੇ ਬੂਹੇ ਬਾਰੀਆਂ-101