ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉੱਪਰੋਂ ਲੰਘਣ ਕਾਫ਼ਲੇ ਤੇ ਹੇਠ ਵਗੇ ਦਰਿਆ।
ਪਾਣੀ ਕੰਢੇ ਬੈਠ ਕੇ ਮੈਂ ਤੈਨੂੰ ਚਿਤਵ ਰਿਹਾ।

ਤੈਨੂੰ ਚੇਤੇ ਕਰਦਿਆਂ ਮੈਂ ਠਰਦਾ ਠਰਦਾ ਠਰ ਗਿਆ,
ਹੁਣ ਸੂਰਜ ਟਿੱਕੀ ਚੜ੍ਹਦਿਆਂ ਅੱਗ ਦਾ ਗੀਤ ਸੁਣਾ।

ਬੀਤੀ ਰਾਤ ਵਿਯੋਗ ਦੀ ਹੈ ਤਾਰੇ ਗਿਣ ਗਿਣ ਕੇ,
ਅੱਖੀਆਂ ਤਰਸਣ ਦੀਦ ਨੂੰ ਤੂੰ ਸੁਪਨਾ ਬਣ ਕੇ ਆ।

ਡਾਰੋਂ ਵਿੱਛੜੀ ਕੂੰਜ ਦੀ ਆਉਂਦੀ ਹੈ ਇੰਞ ਹੂਕ,
ਚੰਦ ਚਕੋਰੀ ਲੱਭਦੀ ਅੰਬਰ ਵਿਚ ਤਾਰੀ ਲਾ।

ਐਵੇਂ ਹੈ ਫੁੰਕਾਰਦਾ ਪਰ ਨਹੀਂ ਮਾਰਦਾ ਡੰਗ,
ਯਾਦ ਤੇਰੀ ਦੇ ਵਾਂਗਰਾਂ ਵਿਸ਼ੀਅਰ ਨਾਗ ਜਿਹਾ।

ਸੜਕ ਕਿਨਾਰੇ ਸੁੱਕ ਰਿਹਾ ਮੁੱਕਦਾ ਮੁੱਕਦਾ ਮੁੱਕ ਰਿਹਾ,
ਬਿਰਖ਼ ਨਿਪੱਤਰਾ ਜਾਪਦਾ ਮੇਰਾ ਧਰਮ ਭਰਾ।

ਪਹਿਲ ਪਲੇਠੀ ਪ੍ਰੀਤ ਦਾ ਇਹ ਅਣਗਾਇਆ ਗੀਤ,
ਛੇਕਾਂ ਵਿੰਨ੍ਹੀ ਬੰਸਰੀ ਤੂੰ ਆਪਣੇ ਹੋਠ ਛੁਹਾ।

102-ਮਨ ਦੇ ਬੂਹੇ ਬਾਰੀਆਂ