ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਆਚਾ ਫਿਰ ਰਿਹਾਂ ਦੱਸੋ ਮੇਰਾ ਘਰ ਬਾਰ ਕਿੱਥੇ ਹੈ?
ਮੈਂ ਜਿਸ ਤੋਂ ਨਿਖੜਿਆਂ ਉਹ ਪੰਛੀਆਂ ਦੀ ਡਾਰ ਕਿੱਥੇ ਹੈ?

ਮੈਂ ਗੂੜ੍ਹੀ ਨੀਂਦ ਵਿਚੋਂ ਜਾਗਿਆਂ ਮੈਨੂੰ ਵਿਖਾਓ ਤਾਂ,
ਮੈਂ ਜਿਹੜਾ ਸੁਪਨਿਆਂ ਵਿਚ ਸਾਜਿਆ ਸੰਸਾਰ ਕਿੱਥੇ ਹੈ?

ਭਰਾਓ ਮੈਂ ਪੰਜਾਬੀ ਹਾਂ ਮੈਂ ਨਾਨਕ ਦਾ ਰਬਾਬੀ ਹਾਂ,
ਲਿਆਓ ਜੋੜ ਕੇ ਦੇਵਾਂ ਉਹ ਟੁੱਟੀ ਤਾਰ ਕਿੱਥੇ ਹੈ।

ਤੁਸੀਂ ਜਿਸ ਤੇ ਚੜ੍ਹਾਉਣਾ ਸੀ ਤੇ ਉਸਨੇ ਮੁਸਕਰਾਉਣਾ ਸੀ,
ਮਸੀਹਾ ਲੱਭਦਾ ਫਿਰਦੈ ਭਲਾ ਉਹ ਦਾਰ ਕਿੱਥੇ ਹੈ।

ਮੈਂ ਜਿਸ ਦੇ ਨਾਲ ਪੰਜ ਸਦੀਆਂ ਹੰਢਾਈਆਂ ਧੁੱਪ ਛਾਂ ਬਣ ਕੇ,
ਮੇਰਾ ਨਾਨਕ ਨਾ ਖੋਹਵੇ ਦੱਸੋ ਮੇਰਾ ਯਾਰ ਕਿੱਥੇ ਹੈ?

ਇਹ ਮੇਰਾ ਸਾਜ਼ ਹੈ ਆਵਾਜ਼ ਹੈ ਪਰਵਾਜ਼ ਵੀ ਵੇਖੋ,
ਤੇ ਫਿਰ ਦੱਸੋ ਕਿ ਇਸ ਤੋਂ ਵਧ ਖ਼ਰਾ ਹਥਿਆਰ ਕਿੱਥੇ ਹੈ?

ਮੈਂ ਮੋਏ ਪੁੱਤਰਾਂ ਨੂੰ ਗਿਣਦਿਆਂ ਖ਼ੂੰਖਾਰ ਨਾ ਬਣ ਜਾਂ,
ਲਿਆਉ ਪਾੜ ਦੇਵਾਂ ਅੱਜ ਦਾ ਅਖ਼ਬਾਰ ਕਿੱਥੇ ਹੈ?

ਮੈਂ ਕਿੱਧਰ ਜਾ ਰਿਹਾਂ ਵੇਖੋ ਮੇਰਾ ਅਗਲਾ ਪੜਾਅ ਕਿੱਥੇ,
ਭਟਕਦੀ ਰੂਹ ਦਾ ਇਸ ਯੁਗ 'ਚ ਇਤਬਾਰ ਕਿੱਥੇ ਹੈ?

ਮਨ ਦੇ ਬੂਹੇ ਬਾਰੀਆਂ-105