ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਜ਼ਿੰਦਗੀ ਵਿਚ ਮੁਸ਼ਕਲਾਂ ਦੁਸ਼ਵਾਰੀਆਂ।
ਲੱਗਦੀਆਂ ਨੇ ਪਰਬਤਾਂ ਤੋਂ ਭਾਰੀਆਂ।

ਵੇਖ ਲੈ ਮਾਰੂਥਲਾਂ ਵਿਚ ਘਿਰ ਗਿਆ,
ਜੋ ਲਗਾਉਂਦਾ ਸੀ ਹਵਾ ਵਿਚ ਤਾਰੀਆਂ।

ਠੋਕਰਾਂ ਨੇ ਪੱਥਰਾਂ ਨੂੰ ਭੋਰਿਆ,
ਤੋੜ ਬੈਠੇ ਧਰਤ ਨਾਲੋਂ ਯਾਰੀਆਂ।

ਮਰਮਰੀ ਬੁੱਤ ਬੋਲਿਆ ਨਾ ਚਾਲਿਆ,
ਮੈਂ ਤਾਂ ਉਸਨੂੰ ਬਹੁਤ ’ਵਾਜ਼ਾਂ ਮਾਰੀਆਂ।

ਮਨ ਦਾ ਪੰਛੀ ਖੰਭ ਹੀਣਾ ਹੋ ਗਿਆ,
ਚਾਰੇ ਪਾਸੇ ਬੈਠੀਆਂ ਲਾਚਾਰੀਆਂ।

ਜ਼ਹਿਰ ਤਾਂ ਸਾਰੀ ਹਵਾ ਵਿਚ ਘੁਲ ਗਈ,
ਕੀ ਕਰੇਂਗਾ ਲਾ ਕੇ ਪਹਿਰੇਦਾਰੀਆਂ।

ਆਉਣ ਦੇ ਤਾਜ਼ਾ ਹਵਾ ਨੂੰ ਆਉਣ ਦੇ,
ਖੋਲ੍ਹ ਦੇ ਤੂੰ ਸਾਰੇ ਬੂਹੇ ਬਾਰੀਆਂ।

106-ਮਨ ਦੇ ਬੂਹੇ ਬਾਰੀਆਂ