ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਅੱਖਾਂ ਵਿੱਚੋਂ ਨੀਂਦਰਾਂ ਤੇ ਖ਼੍ਵਾਬ ਰੁੱਸ ’ਗੇ ਨੇ।
ਮਨ ਦੇ ਬਗੀਚੇ 'ਚੋਂ ਗੁਲਾਬ ਰੁੱਸ ’ਗੇ ਨੇ।

ਕਿੱਥੇ ਗਈਆਂ ਰੌਣਕਾਂ ਨਾ ਮੈਥੋਂ ਪੁੱਛੋ ਲੋਕੋ,
ਜਾਣਦੇ ਨਹੀਂ ਮੇਰੇ ਤਾਂ ਜਨਾਬ ਰੁੱਸ ’ਗੇ ਨੇ।

ਫੇਰ ਕਦੋਂ ਆਵੇਂਗਾ ਇਹ ਪੁੱਛਦਾ ਹੈ ਪਿੰਡ,
ਸ਼ਹਿਰ ਵਿਚ ਰਹਿੰਦਿਆਂ ਜਵਾਬ ਰੁਸ 'ਗੇ ਨੇ।

ਰਾਵੀ ਤੇ ਬਿਆਸ ਮੈਨੂੰ ਵਾਰ ਵਾਰ ਪੁੱਛੇ,
ਕਿਹੜੀ ਗੱਲੋਂ ਦੋਵੇਂ ਹੀ ਪੰਜਾਬ ਰੁੱਸ ’ਗੇ ਨੇ।

ਪੱਛਮੀ ਸੰਗੀਤ ਦੇ ਤੰਬੂਰਿਆਂ ਤੋਂ ਸਹਿਮੇ,
ਤੂੰਬੀ ਵਾਲੀ ਤਾਰ ਤੇ ਰਬਾਬ ਰੁੱਸ ’ਗੇ ਨੇ।

ਮੰਨਿਆ ਹਕੂਮਤਾਂ ਦਾ ਆਪੋ ਵਿਚ ਵੈਰ,
ਤੇਰੇ ਕਾਹਤੋਂ ਵੀਰਨਾ ਆਦਾਬ ਰੁੱਸ 'ਗੇ ਨੇ।

ਵੰਝਲੀ ਨੂੰ ਪੁੱਛ ਮੀਆਂ ਰਾਂਝਿਆ, ਭਰਾਵਾ,
ਕਿਹੜੀ ਗੱਲੋਂ ਜੇਹਲਮ ਚਨਾਬ ਰੁੱਸ 'ਗੇ ਨੇ।

ਮਨ ਦੇ ਬੂਹੇ ਬਾਰੀਆਂ - 109