ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਪੱਤਝੜ ਮਗਰੋਂ ਕੋਮਲ ਪੱਤਿਆਂ ਆਉਂਦੇ ਰਹਿਣਾ ਹੈ।
ਭਰੇਂ ਹੁੰਗਾਰਾ ਜਾਂ ਨਾਂਹ ਮੈਂ ਤਾਂ ਗਾਉਂਦੇ ਰਹਿਣਾ ਹੈ।

ਪੰਛੀਆਂ ਦੀ ਇਕ ਡਾਰ ਦੋਮੇਲ ਨੂੰ ਛੋਹ ਕੇ ਗੁਜ਼ਰ ਗਈ,
ਮੈਂ ਵੀ ਮਗਰੇ ਅੰਬਰੀਂ ਤਾਰੀਆਂ ਲਾਉਂਦੇ ਰਹਿਣਾ ਹੈ।

ਪਥਰੀਲੀ ਦੀਵਾਰ ਹੁੰਗਾਰਾ ਭਰਨਾ ਨਹੀਂ ਭਾਵੇਂ,
ਮੈਂ ਤਾਂ ਇਸਨੂੰ ਆਪਣੀ ਬਾਤ ਸੁਣਾਉਂਦੇ ਰਹਿਣਾ ਹੈ।

ਚੁੱਪ ਦਾ ਜੰਦਰਾ ਤੋੜੇਂ ਜਾਂ ਨਾ ਤੋੜੇਂ ਮੌਜ ਤੇਰੀ,
ਹਰ ਮੌਸਮ ਵਿਚ ਤੇਰਾ ਦਰ ਖੜਕਾਉਂਦੇ ਰਹਿਣਾ ਹੈ।

ਕੱਲ ਮੁਕੱਲੇ ਰੁੱਖ ਦੀ ਹੋਂਦ ਕਬੂਲ ਨਹੀਂ ਮੈਨੂੰ,
ਜੰਗਲ ਨੂੰ ਮੈਂ ਆਪਣਾ ਗੀਤ ਸੁਣਾਉਂਦੇ ਰਹਿਣਾ ਹੈ।

ਤੇਰੇ ਦਿੱਤੇ ਦੁੱਖ ਦਾ ਮੈਂ ਸਨਮਾਨ ਕਰਾਂਗਾ ਇੰਞ,
ਸੂਲੀ ਉੱਤੇ ਚੜ੍ਹ ਕੇ ਵੀ ਮੁਸਕਾਉਂਦੇ ਰਹਿਣਾ ਹੈ।

ਮੈਂ ਕਿਸ ਖ਼ਾਤਰ ਚੋਗ ਚੁਗਾਵਾਂ ਉੱਡਣ ਹਾਰੇ ਨੂੰ,
ਜਿਸ ਨੇ ਮੇਰੀ ਜਿੰਦ ਨੂੰ ਰੋਜ਼ ਸਤਾਉਂਦੇ ਰਹਿਣਾ ਹੈ।

110- ਮਨ ਦੇ ਬੂਹੇ ਬਾਰੀਆਂ