ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੜ੍ਹਕਾਂ ਤੋਂ ਜੇ ਡਰ ਜਾਓਗੇ।
ਚੁੱਪ ਚੁਪੀਤੇ ਮਰ ਜਾਓਗੇ।

ਆਲ੍ਹਣਿਆਂ ਵਿਚ ਬੋਟ ਉਡੀਕਣ,
ਕਿਹੜੇ ਵੇਲੇ ਘਰ ਜਾਓਗੇ।

ਸਿਦਕ-ਸਬੂਰੀ ਜੇ ਹੈ ਪੱਲੇ,
ਦਿਲ ਦਰਿਆ ਨੂੰ ਤਰ ਜਾਓਗੇ।

ਕੱਠੀਆਂ ਕਰੋ ਭਰਾਵੋ ਬਾਹਵਾਂ,
'ਕੱਲੇ 'ਕੱਲੇ ਹਰ ਜਾਓਗੇ।

ਇਸ ਬਰਸਾਤ ’ਚ ਨੰਗੇ ਧੜ ਤਾਂ,
ਲੂਣ ਵਰਗਿਓ ਖਰ ਜਾਓਗੇ।

ਨਹੀਂ ਚੰਨ ਤਾਂ ਤੁਸੀਂ ਜੁਗਨੂੰਓਂ,
ਕੁਝ ਤਾਂ ਚਾਨਣ ਕਰ ਜਾਓਗੇ।

ਮਿਲੂ ਆਸਥਾ ਜ਼ਖ਼ਮੀ ਹੋਈ,
ਜੇਕਰ ਅੰਬਰਸਰ ਜਾਓਗੇ।

ਮਨ ਦੇ ਬੂਹੇ ਬਾਰੀਆਂ-111