ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਦੇ ਸੁਪਨੇ ਵਿਚ ਕਦੇ ਜਾਗਦਿਆਂ ਸਾਨੂੰ ਸਰਪ ਦੋਮੂੰਹੇਂ ਡੰਗਦੇ ਰਹੇ।
ਅਸੀਂ ਫਿਰ ਵੀ ਐਸੇ ਸੱਜਣਾਂ ਲਈ ਸਦਾ ਨੇਕ ਦੁਆ ਹੀ ਮੰਗਦੇ ਰਹੇ।

ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਤੇ ਧੰਨਵਾਦੀ ਹਾਂ ਏਸ ਲਈ,
ਜੋ ਹਰ ਯੁਗ ਅੰਦਰ ਲੱਭ ਲੱਭ ਕੇ ਮੈਨੂੰ ਹੀ ਸੂਲੀ ਟੰਗਦੇ ਰਹੇ।

ਕਈ ਸਦੀਆਂ ਮਗਰੋਂ ਅੱਜ ਵੀ ਤਾਂ ਹੀਰਾਂ ਤੇ ਸੱਸੀਆਂ ਤੜਪਦੀਆਂ,
ਓਵੇਂ ਹੀ ਕੈਦੋ ਚਾਲਬਾਜ਼ ਤੇ ਟੇਢੇ ਰਸਤੇ ਝੰਗ ਦੇ ਰਹੇ।

ਕਹਿਰਾਂ ਦੀ ਤਪਸ਼ ਪਿਆਸ ਬੜੀ ਤੇ ਤੜਫ਼ ਰਹੇ ਸਭ ਜੀਵ ਜੰਤ,
ਉਹ ਗਾਉਂਦੇ ਰਹੇ ਮਲਹਾਰ ਰਾਗ ਅਸੀਂ ਪਾਣੀ ਪਾਣੀ ਮੰਗਦੇ ਰਹੇ।

ਹੱਕ ਸੱਚ ਦੇ ਰਸਤੇ ਤੁਰਨਾ ਹੈ ਕੀ ਡਰ ਹੈ ਸੂਲ ਸਲੀਬਾਂ ਦਾ,
ਸਾਡੇ ਵੱਡ-ਵਡੇਰੇ ਅਜ਼ਲਾਂ ਤੋਂ ਹਨ ਏਸੇ ਰਾਹ ਤੋਂ ਲੰਘਦੇ ਰਹੇ।

ਇਹ ਚੋਰੀ ਡਾਕੇ ਹੱਕਾਂ ਤੇ ਕੋਈ ਐਵੇਂ ਤਾਂ ਨਹੀਂ ਮਾਰ ਰਿਹਾ,
ਬਦਨੀਤੀ ਚੌਂਕੀਦਾਰਾਂ ਦੀ ਜੋ ਝੂਠੀ ਮੂਠੀ ਖੰਘਦੇ ਰਹੇ।

ਜਦ 'ਵਾਜ਼ ਹੈ ਮਾਰੀ ਧਰਤੀ ਨੇ ਅਸੀਂ ਪਹੁੰਚ ਗਏ ਹਾਂ ਉਸੇ ਘੜੀ,
ਇਹ ਤਨ ਦਾ ਚੋਲਾ ਹਰ ਵਾਰੀ ਅਸੀਂ ਅਪਣੇ ਲਹੂ ਵਿਚ ਰੰਗਦੇ ਰਹੇ।

ਇਹ ਚਾਰ ਦੀਵਾਰੀ ਨਸਲਾਂ ਦੀ ਤੇ ਧਰਮ ਦੀ ਵਲਗਣ, ਤੋਬਾ ਹੈ,
ਲੋਕਾਂ ਨੂੰ ਕਹੀਏ ਤੋੜ ਦਿਉ ਪਰ ਅਪਣੀ ਵਾਰੀ ਸੰਗਦੇ ਰਹੇ।

ਮਨ ਦੇ ਬੂਹੇ ਬਾਰੀਆਂ - 118