ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ ਦਾ ਕੁਤਬਨੁਮਾ

ਗੁਰਭਜਨ ਗਿੱਲ ਦੇ ਇਸ ਗ਼ਜ਼ਲ ਸੰਗ੍ਰਹਿ ਵਿਚਲੀਆਂ ਗ਼ਜ਼ਲਾਂ ਨੂੰ ਵਾਚਦਿਆਂ ਇਹ ਗੱਲ ਹੋਰ ਵੀ ਸਪਸ਼ਟ ਹੋ ਜਾਂਦੀ ਹੈ ਕਿ ਪੰਜਾਬੀ ਗ਼ਜ਼ਲ ਨੇ ਵਿਸ਼ੇ ਵਸਤੂ, ਸ਼ਿਲਪ, ਭਾਵਾਂ, ਭਾਸ਼ਾ ਅਤੇ ਨਿਭਾਅ ਦਾ ਧਿਆਨ ਰਖਦਿਆਂ ਮੰਜ਼ਿਲ ਵੱਲ ਸਾਰਥਿਕ ਕਦਮ ਪੁੱਟੇ ਹਨ। ਗੁਰਭਜਨ ਗਿੱਲ ਨੇ ਗਜ਼ਲ ਰੂਪੀ ਈਰਾਨੀ ਮੁਟਿਆਰ ਨੂੰ ਉਹਦੇ ਸਰੀਰ ਨਾਲ ਮੇਚ ਖਾਂਦੇ ਕਪੜੇ ਪੁਆਏ ਹਨ। ਸਲਵਾਰ ਕਮੀਜ਼ ਦੇ ਨਾਲ ਸਿਰ ਤੇ ਲੈਣ ਲਈ ਗੋਟੇ ਵਾਲੀ ਚੁੰਨੀ ਅਤੇ ਪੈਰਾਂ ਵਿਚ ਕਸੂਰੀ ਜੱਤੀ। ਉਸ ਨੇ ਉਸ ਮੁਟਿਆਰ ਨੂੰ ਇਹ ਆਖਣ ਦਾ ਮੌਕਾ ਨਹੀਂ ਦਿੱਤਾ ਕਿ 'ਜੁੱਤੀ ਕਸੂਰੀ ਪੈਰੀਂ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਟੁਰਨਾ ਪਿਆ' ਸਗੋਂ ਉਸ ਦੇ ਪੈਰਾਂ ਦੀ ਬਨਾਵਟ ਨਾਲ ਢੁਕਦੀ ਸਾਈ ਦੀ ਜੁੱਤੀ ਸੁਆ ਦਿੱਤੀ ਹੈ ਅਤੇ ਉਸ ਦੇ ਪੈਰੀਂ ਪਾਉਣ ਤੋਂ ਪਹਿਲਾਂ ਉਸ ਜੁੱਤੀ ਨੂੰ ਖ਼ਾਲਿਸ ਸਰ੍ਹੋਂ ਦੇ ਤੇਲ ਨਾਲ ਚੋਪੜ ਵੀ ਦਿੱਤਾ ਹੈ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਜੇਕਰ ਜੁੱਤੀ ਮਾੜੀ ਮੋਟੀ ਵੀ ਲੱਗਦੀ ਹੋਵੇ ਤਾਂ ਉਹ ਤੁਰਨ ਵਾਲੇ ਦੀ ਤੋਰ ਬਦਸੂਰਤ ਬਣਾ ਦਿੰਦੀ ਹੈ।ਇਸ ਤਰ੍ਹਾਂ ਗੁਰਭਜਨ ਗਿੱਲ ਨੇ ਖੁੰਮਖਾਨੇ ਦੀ ਜ਼ੀਨਤ ਨੂੰ ਭੱਤਾ ਲੈ ਕੇ ਪੈਲੀਆਂ ਵੱਲ ਜਾਣਾ ਵੀ ਸਿਖਾ ਦਿੱਤਾ ਹੈ।

ਗੁਰਭਜਨ ਗਿੱਲ ਦੀ ਗ਼ਜ਼ਲ ਸਿਰਫ਼ ਹੋਠਾਂ ਦੀ ਮੁਸਕਣੀ ਤੇ ਅੱਖਾਂ ਦੇ ਤੀਰਾਂ ਤੱਕ ਮਹਿਦੂਦ ਨਹੀਂ ਹੈ। ਧਰਤੀ ਤੋਂ ਆਕਾਸ਼ ਤੀਕ ਬਿਖਰੇ ਹੋਏ ਜ਼ਿੰਦਗੀ ਦੇ ਹਜ਼ਾਰਾਂ ਮਸਲਿਆਂ ਨੂੰ, ਧਰਤੀ ਨਾਲ ਜੁੜੇ ਮਨੁੱਖੀ ਸਵਾਲਾਂ ਨੂੰ, ਮੁਲਕਾਂ ਦੀ ਗੈਰ ਕੁਦਰਤੀ ਵੰਡ ਨੂੰ, ਪਾੜੂਆਂ ਦੇ ਦਿਨ ਬ ਦਿਨ ਭਾਰੇ ਹੁੰਦੇ ਜਾ ਰਹੇ ਬਸਤਿਆਂ ਨੂੰ, ਸਮਾਜ ਵਿਚ ਪਈ ਕਾਣੀ ਵੰਡ ਨੂੰ, ਸ਼ੋਸ਼ਣ ਅਤੇ ਜ਼ੁਲਮ ਜਬਰ ਨੂੰ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਬਣਾਇਆ ਹੈ ਅਤੇ ਉਹ ਆਪਣੀ ਗੱਲ ਆਪਣੇ ਪਾਠਕਾਂ ਤੱਕ ਪਹੁੰਚਾਉਣ ਵਿਚ ਸਫ਼ਲ ਹੋਇਆ ਹੈ।

ਦੇਸ਼ ਦੀ ਵੰਡ ਦੇ ਬਾਰੇ ਹੇਠ ਲਿਖੇ ਸ਼ੇਅਰ ਇਸ ਦੇ ਚਸ਼ਮਦੀਦ ਗਵਾਹ ਹਨ:

ਡੇਰਾ ਬਾਬਾ ਨਾਨਕੋਂ ਕੋਠੇ 'ਤੇ ਚੜ੍ਹ ਕੇ ਦਿਸਣ ਜੋ,
ਜਿਸਮ ਨਾਲੋਂ ਕੁਤਰ ਕੇ ਸੁੱਟੇ ਗਏ ਪਰ ਯਾਦ ਨੇ।

ਰਾਵੀ ਦੇ ਉਰਵਾਰ-ਪਾਰ ਦੁਖ-ਦਰਦਾਂ ਦਾ ਰੰਗ ਇਕੋ,
ਜਿਸਮ ਚੀਰ ਕੇ ਮੁਲਕ ਬਣਾਏ ਭਾਵੇਂ ਇਕ ਤੋਂ ਦੋ।

ਸਾਡੇ ਪਿੰਡ ਦੇ ਚਿਹਰੇ ਤੇ ਉਦਰੇਵਾਂ ਆ ਕੇ ਬੈਠ ਗਿਆ,
ਬੋਹੜਾਂ ਤੇ ਪਿੱਪਲਾਂ ਦੀ ਰੌਣਕ ਜਦ ਤੋਂ ਦਰਿਆ ਪਾਰ ਗਈ।

12- ਮਨ ਦੇ ਬੂਹੇ ਬਾਰੀਆਂ