ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸਿੱਧੇ ਰਾਹੀਂ ਤੁਰੇ ਜਾਂਦਿਆਂ, ਇਹ ਕੀ ਭਾਣਾ ਵਾਪਰਿਆ।
ਮਨ ਦਾ ਪੰਛੀ ਉਡਦਾ ਉਡਦਾ, ਬਲਦੇ ਰੁੱਖ 'ਤੇ ਬੈਠ ਗਿਆ।

ਖਿੜੇ ਗੁਲਾਬ ਤੇਲ ਦੇ ਮੋਤੀ ਪੱਤੀਆਂ ਵੀ ਸਭ ਨਕਲੀ ਨੇ,
ਖ਼ੁਸ਼ਬੂ ਨਾ ਲੱਭ ਮਰਤਬਾਨ ਦੀਆਂ ਮੱਛੀਆਂ ਮੈਨੂੰ ਆਪ ਕਿਹਾ।

ਤਪਦੇ ਮਾਰੂਥਲ ਵਿਚ ਜੰਤ ਪਰਿੰਦੇ ਤੜਫਣ ਪਾਣੀ ਨੂੰ,
ਯਾਤਰੂਆ ਤੂੰ ਮੋਢੇ ਟੰਗੀ, ਬੋਤਲ ਨੂੰ ਵੀ ਖੋਲ੍ਹ ਜ਼ਰਾ।

ਚੜ੍ਹਦਾ ਦਿਨ ਤੇ ਡੁੱਬਦਾ ਸੂਰਜ ਸ਼ਾਮ ਸਵੇਰਾਂ ਵਕਤ ਗਵਾਹ,
ਨੇਰ੍ਹੇ ਦੀ ਬੁੱਕਲ 'ਚੋਂ ਨਿਕਲੇ ਨੇਰ੍ਹੇ ਦੇ ਘਰ ਫੇਰ ਗਿਆ।

ਆਪਣੇ ਮਨ ਦਾ ਵਿਹੜਾ ਜੇ ਤੂੰ ਰੌਸ਼ਨ ਕਰਨਾ ਚਾਹੁੰਦਾ ਏਂ,
ਤਨ ਦੇ ਦੀਵੇ ਅੰਦਰ ਬੱਤੀ ਚੇਤਨਤਾ ਦੀ ਤੁਰਤ ਜਗਾ।

ਇਨ੍ਹਾਂ ਤੋਂ ਮੈਂ ਲਵਾਂ ਰਵਾਨੀ ਜੀਵਨ ਤੋਰ ਨਿਰੰਤਰ ਸੇਧ,
ਮੇਰੇ ਲਈ ਤਾਂ ਦੋਵੇਂ ਰੱਬ ਨੇ ਜਗਦਾ ਦੀਵਾ ਤੇ ਦਰਿਆ।

120- ਮਨ ਦੇ ਬੂਹੇ ਬਾਰੀਆਂ