ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਲ ਹੋਇਆ ਛਾਲੇ ਛਾਲੇ ਸੁੱਜੇ ਅੱਖੀਆਂ ਦੇ ਕੋਏ।
ਜਿਹੜੀ ਮੇਰੇ ਨਾਲ ਹੋਈ ਵੈਰੀ ਨਾਲ ਵੀ ਨਾ ਹੋਏ।

ਜਿੰਨ੍ਹਾਂ ਸੱਜਣਾਂ ਤੇ ਮੈਨੂੰ ਤਾਂ ਸੀ ਹੱਦੋਂ ਵੱਧ ਮਾਣ,
ਉਨ੍ਹਾਂ ਸਾਰਿਆਂ ਤੋਂ ਵੱਧ ਮੇਰੀ ਕੀਤੀ ਤੋਏ ਤੋਏ।

ਭੁੱਲੇ ਕੌਲ ਤੇ ਕਰਾਰ ਜਿਹੜੇ ਕੀਤੇ ਬਾਰ ਬਾਰ,
ਨੀਲੇ ਅੰਬਰਾਂ ਦੀ ਛਾਵੇਂ ਸੱਚੀ ਚਾਨਣੀ ਦੀ ਲੋਏ।

ਹਰ ਪੱਤੇ ਬੂਟੇ ਕਾਹੀ ਤੁਰੀ ਫਿਰੇ ਬੇਵਿਸਾਹੀ,
ਕਿਤੇ ਬੰਦਿਆਂ ਦੇ ਭੇਸ ਵਿਚ ਅੱਗ ਹੀ ਨਾ ਹੋਏ।

ਜਿੰਨ੍ਹਾਂ ਫੁੱਲਾਂ ਨੂੰ ਮੈਂ ਪਾਲਿਆ ਸੀ ਬੜੇ ਚਾਵਾਂ ਨਾਲ,
ਵਣਜਾਰਿਆਂ ਨੇ ਤੋੜ ਸਾਰੇ ਸੂਈ 'ਚ ਪਰੋਏ।

ਵੇਖ ਮੌਤ ਦਾ ਸਮਾਨ ਸਹਿਮੀ 'ਕੱਲੀ ’ਕਾਰੀ ਜਾਨ,
ਕਿਤੇ ਧਰਤੀ ਤੇ ਮੇਰੀ ਰਾਤ ਆਖ਼ਰੀ ਨਾ ਹੋਏ।

ਤੇਰੇ ਦਿਲ ਦੀਆਂ ਗੱਲਾਂ ਬਿਨਾਂ ਕਹੇ ਬੁੱਝ ਲਈਆਂ,
ਅੱਜ ਪਹਿਲੀ ਵਾਰ ਆਪਾਂ ਗਲੇ ਲੱਗ ਕੇ ਨਾ ਰੋਏ।

ਤੇਰੇ ਹੱਥ ਵਿਚ ਤੀਰ ਤੇ ਕਮਾਨ ਮੇਰੀ ਜਾਨ,
ਚੱਲ ਮਾਰ ਤੂੰ ਨਿਸ਼ਾਨਾ ਗੱਲ ਇਕ ਪਾਸੇ ਹੋਏ।

ਮਨ ਦੇ ਬੂਹੇ ਬਾਰੀਆਂ - 121