ਸਮੱਗਰੀ 'ਤੇ ਜਾਓ

ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/122

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਰਾਤੀਂ ਸੁਪਨੇ 'ਚ ਮੇਰੇ ਨਾਲ ਹਾਦਸਾ ਕੀ ਹੋਇਆ।
ਅੱਖੋਂ ਅੱਥਰੂ ਨਾ ਵਗੇ ਤੇ ਮੈਂ ਬੁੱਕ ਬੁੱਕ ਰੋਇਆ।

ਜਿਵੇਂ ਸੂਲਾਂ 'ਚ ਪਰੁੱਚ ਜਾਣ ਤਿਤਲੀ ਦੇ ਪਰ,
ਕੁਝ ਕਿਸੇ ਤਰ੍ਹਾਂ ਮੇਰੀਆਂ ਉਮੀਦਾਂ ਨਾਲ ਹੋਇਆ।

ਜਦੋਂ ਸਿਰ ਉੱਤੇ ਆਈ ਤੇਜ਼ ਬਲਦੀ ਦੁਪਹਿਰ,
ਮੇਰਾ ਆਪਣਾ ਹੀ ਸਾਇਆ ਸਾਥ ਛੱਡ ਕੇ ਖਲੋਇਆ।

ਸੁੱਕੇ ਰੁੱਖ ਤੇ ਕਰੂੰਬਲਾਂ ਅਜੀਬ ਜਿਹਾ ਮੇਲ,
ਹੋਊ ਇਨ੍ਹਾਂ ਨੂੰ ਪਿਆਰ ਨਾਲ ਸੱਜਣਾਂ ਨੇ ਛੋਹਿਆ।

ਕੱਲੇ ਰੁੱਖ ਕੋਲੋਂ ਲੰਘਦੀ ਮਖ਼ੌਲ ਕਰ ਪੌਣ,
ਕਿਨੂੰ ਦੁੱਖੜਾ ਸੁਣਾਵੇ ਜਿਹੜਾ ਦਿਲ 'ਚ ਸਮੋਇਆ।

ਭਾਵੇਂ ਰੇਤ ਵਿਚ ਭੁੰਨ ਭਾਵੇਂ ਕੋਲਿਆਂ ਤੇ ਰੱਖ,
ਤੇਰਾ ਇਹੀ ਧੰਨਵਾਦ ਜਿਹੜਾ ਸੀਖ 'ਚ ਪਰੋਇਆ।

ਚਲੋ ਬਾਕੀ ਤਾਂ ਸੀ ਸਾਰਾ ਹੀ ਬੇਗਾਨਿਆਂ ਦਾ ਸ਼ਹਿਰ,
ਤੂੰ ਵੀ ਮੇਰੇ ਵੱਲ ਵੇਖ ਕੇ ਪਟੱਕ ਬੂਹਾ ਢੋਇਆ।

ਜਿਵੇਂ ਸਿਖ਼ਰ ਦੁਪਹਿਰੇ ਪੈ ਜੇ ਚਾਣਚੱਕ ਰਾਤ,
ਤੇਰੇ ਜਾਣ ਪਿੱਛੋਂ ਸੱਚ ਜਾਣੀਂ ਏਸੇ ਤਰ੍ਹਾਂ ਹੋਇਆ।

122- ਮਨ ਦੇ ਬੂਹੇ ਬਾਰੀਆਂ