ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੇਤੇ ਰੱਖਿਓ ਇਹ ਦੋ ਬੋਲ ਫ਼ਕੀਰਾਂ ਦੇ।
  ਮਾਣ ਕਰੋ ਨਾ ਐਵੇਂ ਤੇਗਾਂ ਤੀਰਾਂ ਦੇ।

ਸੁਰਖ਼ ਗੁਲਾਬ ਵੀ ਉੱਗ ਸਕਦਾ ਹੈ ਬੰਜਰ ਵਿਚ,
ਤਕਦੀਰਾਂ ਵੀ ਵੱਸ ਵਿਚ ਨੇ ਤਦਬੀਰਾਂ ਦੇ।

ਸਾਬਤ ਕੱਪੜਾ ਵਸਤਰ ਬਣਦਾ ਕਿਸੇ ਲਈ,
ਕਿਸੇ ਲਈ ਨੇ ਕੱਜਣ ਟੋਟੇ ਲੀਰਾਂ ਦੇ।

ਪਾਰਦਰਸ਼ਨੀ ਰਿਸ਼ਤੇ ਨਿਭਦੇ ਉਮਰਾਂ ਤੀਕ,
ਓਹਲਾ ਚੋਰੀ ਵਾਧੂ ਭਾਰ ਜ਼ਮੀਰਾਂ ਦੇ।

ਗੁੜ ਦੇ ਚੌਲ ਨਿਆਜ਼ ਖਾਣ ਨੂੰ ਤਰਸੇ ਹਾਂ,
ਸਾਡੇ ਪਿੰਡ 'ਚੋਂ ਢਹਿ ਗਏ ਤਕੀਏ ਪੀਰਾਂ ਦੇ।

ਮੱਝੀਆਂ ਦੀ ਥਾਂ ਮਾਪਿਆਂ ਨੂੰ ਅੱਜ ਚਾਰ ਰਹੇ,
ਫਿਰਦੇ ਵੱਗ ਅਵਾਰਾ ਰਾਂਝੇ ਹੀਰਾਂ ਦੇ।

ਔੜਾਂ ਵਿਚ ਵੀ ਸੂਹੇ ਫੁੱਲ ਮੁਸਕਾਉਂਦੇ ਨੇ,
ਮੈਂ ਬਲਿਹਾਰੇ ਜਾਵਾਂ ਜੰਡ ਕਰੀਰਾਂ ਦੇ।

124- ਮਨ ਦੇ ਬੂਹੇ ਬਾਰੀਆਂ