ਸਮੱਗਰੀ 'ਤੇ ਜਾਓ

ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/125

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ



ਬੈਚੇਨੀ ਵਿਚ ਤੜਫ਼ਦੇ ਰਾਤਾਂ ਬਹੁਤ ਗੁਜ਼ਾਰੀਆਂ।
ਤਾਂ ਹੀ ਮੱਥੇ ਚੀਸ ਹੈ, ਅੱਖਾਂ ਵੀ ਨੇ ਭਾਰੀਆਂ।

ਪੁੱਠੀ ਸੋਚ ਜਹਾਨ ਦੀ ਦੁਸ਼ਮਣ ਬਣ ਗਈ ਜਾਨ ਦੀ,
ਬਿਰਖ਼ ਵਿਚਾਰਾ ਕੀ ਕਰੇ ਜਣੇ ਖਣੇ ਹੱਥ ਆਰੀਆਂ।

ਪਾਣੀ ਚੜ੍ਹਿਆ ਵੇਖ ਕੇ ਪਿੱਛੇ ਮੁੜ ਗਏ ਕਾਫ਼ਲੇ,
ਛੱਡ ਗਏ ਕੱਲ-ਮੁਕੱਲਿਆਂ ਖੁਰੀਆਂ ਦਾਅਵੇ ਦਾਰੀਆਂ।

ਅੱਧੀ ਸਦੀ ਗੁਜ਼ਾਰ ਕੇ ਏਥੇ ਪਹੁੰਚੇ ਹਾਰ ਕੇ,
ਚੰਗੇ ਰਹਿੰਦੇ ਅਸੀਂ ਵੀ ਸਿੱਖਦੇ ਦੁਨੀਆਂ ਦਾਰੀਆਂ।

ਲੁਕਦਾ ਫਿਰਦਾਂ ਵੇਖ ਲਉ ਹੁਣ ਮੈਂ ਆਪਣੇ ਆਪ ਤੋਂ,
ਤਨ ਤੇ ਮਨ ਵਿਚ ਫ਼ਾਸਲੇ ਕੇਹੀਆਂ ਬੇਇਤਬਾਰੀਆਂ।

ਸੋਗ 'ਚ ਡੁੱਬੀ ਪੌਣ ਹੈ ਜਾਂ ਫਿਰ ਖਬਰੇ ਕੌਣ ਹੈ,
ਅੱਧੀ ਰਾਤੀਂ ਖੜਕਦੇ ਮਨ ਦੇ ਬੂਹੇ ਬਾਰੀਆਂ।

ਖ਼ਬਰੇ ਕਿੱਸਰਾਂ ਡੰਗਿਆ ਪਾਣੀ ਵੀ ਨਾ ਮੰਗਿਆ,
ਖਾਧਾ ਸਾਲਮ ਆਦਮੀ ਨਜ਼ਰਾਂ ਟੂਣੇ ਹਾਰੀਆਂ।

ਮਨ ਦੇ ਬੂਹੇ ਬਾਰੀਆਂ -125