ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਭਟਕਣ ਪੱਲੇ ਪਾ ਬੈਠੇਂਗਾ ਨਾ ਛੂਹੀਂ ਪਰਛਾਵੇਂ।
ਕੌਣ ਦੁਪਹਿਰਾ ਕੱਟ ਸਕਦਾ ਹੈ ਕਲਪ ਬਿਰਖ ਦੀ ਛਾਵੇਂ।

ਇਸ ਨੂੰ ਵੇਖ ਉਦਾਸ ਨਹੀਂ ਹੈ ਜੂਨ ਮਹੀਨੇ ਕੇਸੂ,
ਸੂਹੇ ਸੂਰਜ ਹਰ ਟਾਹਣੀ ਤੇ ਪੱਤਰ ਟਾਵੇਂ ਟਾਵੇਂ।

ਐਨਕ ਲਾਹ ਕੇ ਵੇਖ ਉਦਾਸੀ ਧੂੜ ਲਪੇਟੇ ਸ਼ੀਸ਼ੇ,
ਟੋਏ ਟਿੱਬੇ ਸਾਰਾ ਰਸਤਾ ਕਿੱਧਰ ਤੁਰਿਆ ਜਾਵੇਂ।

ਮੈਂ ਤੇਰੇ ਤੋਂ ਕੁਝ ਨਹੀਂ ਮੰਗਦਾ ਠੀਕਰੀਆਂ ਨਾ ਲੀਰਾਂ,
ਕਰ ਅਰਦਾਸ ਉਮਰ ਭਰ ਤੁਰੀਏ ਇਕ ਦੂਜੇ ਦੀ ਛਾਵੇਂ।

ਮਨ ਦਾ ਵਿਹੜਾ ਹੱਸ ਹੱਸ ਪੈਂਦਾ ਖਿੜੇ ਚੰਬੇਲੀ ਸਾਹੀਂ,
ਸੂਰਜ ਵਾਂਗੂ ਨੇਰ੍ਹ ਚੀਰ ਕੇ ਤੂੰ ਜਦ ਝਾਤੀ ਪਾਵੇਂ।

ਅੱਖੀਆਂ ਅੱਗੇ ਤਾਰੇ ਜਗਦੇ ਬੁਝਦੇ ਸਿਖ਼ਰ ਦੁਪਹਿਰੇ,
ਏਨੀ ਵੱਡੀ ਧਰਤੀ 'ਤੇ ਜਦ ਤੂੰ ਨਜ਼ਰੀਂ ਨਾ ਆਵੇਂ।

126- ਮਨ ਦੇ ਬੂਹੇ ਬਾਰੀਆਂ