ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦੋਂ ਸੂਰਜ ਅਜੇ ਧਰਤੀ ਦੇ ਘਰ ਆਇਆ ਨਹੀਂ ਹੁੰਦਾ।
ਕਿਸੇ ਵੀ ਰੁੱਖ ਪੱਲੇ ਆਪਣਾ ਸਾਇਆ ਨਹੀਂ ਹੁੰਦਾ।

ਵਗੇ ਤੂਫ਼ਾਨ, ਨੇਰ੍ਹੀ ਤੇਜ਼ ਬਾਰਿਸ਼ ਕਿਣਮਿਣੀ ਭਾਵੇਂ,
ਕਦੇ ਮਜ਼ਲੂਮ ਦੀ ਰੱਤ ਅੱਥਰੂ ਜ਼ਾਇਆ ਨਹੀਂ ਹੁੰਦਾ।

ਇਨ੍ਹਾਂ ਨੂੰ ਕੌਣ ਸਾਂਭੇ ਇਹ ਤਾਂ ਸਭ ਟੁੱਟੇ ਖਿਡੌਣੇ ਨੇ,
ਜਿੰਨ੍ਹਾਂ ਨੇ ਧਰਤ ਉੱਪਰ ਪੂਰਨਾ ਪਾਇਆ ਨਹੀਂ ਹੁੰਦਾ।

ਅਜਿਹੇ ਲੋਕ ਅਪਣੀ ਅੱਗ ਦੇ ਅੰਦਰ ਸੜਦੇ ਰਹਿੰਦੇ ਨੇ,
ਜਿਨ੍ਹਾਂ ਨੇ ਉਮਰ ਭਰ ਇੱਕ ਰੁੱਖ ਵੀ ਲਾਇਆ ਨਹੀਂ ਹੁੰਦਾ।

ਮੈਂ ਉਸਦੇ ਨਾਮ ਦੀ ਮਾਲਾ ਪਤਾ ਨ੍ਹੀਂ ਫੇਰਦਾ ਕਿਉਂ ਹਾਂ,
ਕਿ ਜਿਹੜਾ ਖ਼੍ਵਾਬ ਦੇ ਵਿਚ ਵੀ ਕਦੇ ਆਇਆ ਨਹੀਂ ਹੁੰਦਾ।

ਇਹ ਕੈਸਾ ਸ਼ਹਿਰ ਜਿਸ ਵਿਚ ਸਭ ਦੀਆਂ ਨੇ ਐਸੀਆਂ ਅੱਖਾਂ,
ਜਿਨ੍ਹਾਂ ਵਿਚ ਅੱਥਰੂ ਕੋਈ ਕਦੇ ਆਇਆ ਨਹੀਂ ਹੁੰਦਾ।

ਮਨ ਦੇ ਬੂਹੇ ਬਾਰੀਆਂ - 129