ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਮਕਦਮ ਹੋਇਆ ਮੈਂ ਕਾਹਦਾ ਦੋ ਕੁ ਪਲ ਖ਼ੁਸ਼ਬੂ ਦੇ ਨਾਲ।
ਉਮਰ ਭਰ ਰਹਿਣੀ ਹੈ ਹੁਣ ਤਾਂ ਨਰਗਸੀ ਫੁੱਲਾਂ ਦੀ ਭਾਲ।

ਮੈਂ ਸਧਾਰਨ ਆਦਮੀ ਹਾਂ ਤੇ ਹਾਂ ਆਇਆਂ ਪਿੰਡ ਤੋਂ,
ਸ਼ਹਿਰੀਆਂ ਦੇ ਵਾਂਗ ਨਾ ਜਾਣਾਂ ਮੈਂ ਬੁਣਨੇ ਸ਼ਬਦ-ਜਾਲ।

ਪਾਰਦਰਸ਼ੀ ਰਿਸ਼ਤਿਆਂ ਵਿਚ ਸ਼ਕਤੀਆਂ ਹੋਵਣ ਅਸੀਮ,
ਤੋੜ ਦੇਵੇ ਏਸ ਨੂੰ ਜੋ ਹੈ ਭਲਾ ਕਿਸ ਦੀ ਮਜਾਲ।

ਤੂੰ ਤਾਂ ਬੱਸ ਏਨਾ ਕਿਹਾ ਸੀ ਲੱਭ ਦੇਹ ਚੌਦਾਂ ਰਤਨ,
ਇਹ ਤਾਂ ਮੇਰਾ ਝੱਲ ਸੀ ਦਿੱਤੇ ਜਿੰਨੇ ਸਾਗਰ ਹੰਗਾਲ।

ਧਰਤ ਅੰਬਰ ਚੰਨ ਸੂਰਜ ਫ਼ੋਲ ਕੇ ਫੁੱਲਿਆ ਫਿਰੇਂ,
ਏਸ ਤੋਂ ਵੱਖਰੇ ਪਏ ਨੇ ਅਣਕਹੇ ਲੱਖਾਂ ਸੁਆਲ।

ਮੈਂ ਜਦੋਂ ਵੀ ਪਿੰਡ ਜਾਣੋਂ ਹਟ ਗਿਆ ਤਾਂ ਸਮਝਣਾ,
ਚੌਖਟੇ ਵਿਚ ਬੰਦ ਬੈਠਾ ਹੈ ਕੋਈ ਰੂਹ ਦਾ ਕੰਗਾਲ।

ਸੁਰਖ਼ ਫੁੱਲਾਂ ਨਾਲ ਭਰ ਜਾਏਗੀ ਇਕ ਦਿਨ ਵੇਖਣਾ,
ਮੈਂ ਹੁਣੇ ਜੋ ਲਾ ਕੇ ਹਟਿਆਂ ਸੁਪਨਿਆਂ ਦੀ ਸਬਜ਼ ਡਾਲ।

130- ਮਨ ਦੇ ਬੂਹੇ ਬਾਰੀਆਂ