ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੋਕੋ ਵਗਣੋਂ ਇਸ ਧਰਤੀ ਤੋਂ ਤਲਖ਼ ਹਵਾਵਾਂ ਨੂੰ।
ਭੁੱਲ ਨਾ ਜਾਵੇ ਜਾਚ ਵਗਣ ਦੀ ਪੰਜ ਦਰਿਆਵਾਂ ਨੂੰ।

ਵਰ੍ਹਦੀ ਅੱਗ ਦਾ ਮੌਸਮ ਅੰਬਰੀਂ ਪੌਣ ਪਰਿੰਦੇ ਵੀ,
ਖੰਭਾਂ ਵਿਚ ਲੁਕਾ ਬੈਠ ਨੇ ਅੱਥਰੇ ਚਾਵਾਂ ਨੂੰ।

ਤਪਦੀ ਧਰਤੀ ਸਵਾਂਤ ਬੂੰਦ ਨੂੰ ਤਰਸ ਰਹੀ ਚਿਰ ਤੋਂ,
ਕਿਥੋਂ ਮੋੜ ਲਿਆਵਾਂ ਮੈਂ ਘਨਘੋਰ ਘਟਾਵਾਂ ਨੂੰ।

ਵੈਣ ਕੀਰਨੇ ਅੱਥਰੂ ਸਾਡੇ ਪਿੰਡ ਮਹਿਮਾਨ ਬਣੇ,
ਛਾਂਗ ਲਿਆ ਮੌਸਮ ਨੇ ਸਿਰ ਤੋਂ ਠੰਢੀਆਂ ਛਾਵਾਂ ਨੂੰ।

ਸ਼ਹਿਰ ਦੀਆਂ ਸੜਕਾਂ ਤੇ ਤੁਰਦਾ ਤੁਰਦਾ ਭੁਰ ਚਲਿਆਂ,
ਜਦ ਤੋਂ ਛੱਡਿਆ ਪਗਡੰਡੀਆਂ ਤੇ ਕੱਚਿਆਂ ਰਾਹਵਾਂ ਨੂੰ।

ਸ਼ਹਿਰ ਸਮੁੰਦਰ ਦੇ ਵਿਚ ਖਾਰਾ ਪਾਣੀ ਬਹੁਤ ਖੜ੍ਹਾ,
ਚੁਲੀ ਖ਼ਾਤਰ ਜਾਣਾ ਪੈਂਦਾ ਪਿੰਡਾਂ ਥਾਵਾਂ ਨੂੰ।

ਆਪਣੀ ਮਿੱਟੀ ਨਾਲੋਂ ਟੁੱਟ ਕੇ ਧੂੜ ’ਚ ਭਟਕ ਰਿਹਾਂ,
ਕਿੱਸਰਾਂ ਦੋਸ਼ ਦਿਆਂ ਮੈਂ ਹੁਣ ਕੰਬਖ਼ਤ ਹਵਾਵਾਂ ਨੂੰ।

ਮਨ ਦੇ ਬੂਹੇ ਬਾਰੀਆਂ - 131