ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਗਦੇ ਪਾਣੀ ਅੰਦਰ ਇਹ ਜੋ ਕਲਵਲ ਹੈ।
ਇਹ ਹੀ ਤਾਂ ਦਰਿਆ ਦੇ ਦਿਲ ਦੀ ਹਲਚਲ ਹੈ।

ਤੇਰੇ ਮਗਰੋਂ ਸ਼ਹਿਰ ਉਦਾਸ ਇਕੱਲਾ ਨਹੀਂ,
ਮੇਰੀ ਅੱਖ ਦਾ ਅੱਥਰੂ ਇਸ ਵਿਚ ਸ਼ਾਮਲ ਹੈ।

ਰੰਗਲੀ ਚੁੜੀ ਟੁੱਟਣ ਵੇਲੇ ਰੋ ਪੈਂਦਾ,
ਜਿਸ ਨੂੰ ਕਹਿਣ ਸਿਆਣੇ ਇਹ ਤਾਂ ਪਾਗਲ ਹੈ।

ਸੰਕਟ ਵੇਲੇ ਗਿਰਗਿਟ ਰੰਗ ਵਟਾਉਂਦੀ ਹੈ,
ਪਰ ਇਹ ਦੁਨੀਆਂ ਰੰਗ ਵਟਾਉਂਦੀ ਹਰ ਪਲ ਹੈ।

ਮੇਰਾ ਹੀ ਘਰ ਢਾਹ ਕੇ ਮੈਨੂੰ ਪੁਛਦੇ ਹੋ,
ਰੋਈ ਜਾਨੈਂ, ਦੱਸ ਤੂੰ ਸਾਨੂੰ, ਕੀ ਗੱਲ ਹੈ?

ਜਿਹੜੀ ਥਾਂ ਤੇ ਰੀਝਾਂ ਨੇ ਦਮ ਤੋੜਦੀਆਂ,
ਉਸ ਤੋਂ ਵੱਖਰਾ ਦੱਸੋ ਕਿਹੜਾ ਮਕਤਲ ਹੈ।

ਜਿਹੜੀ ਥਾਂ ਤੇ ਝੁਕਦੇ ਹੋ, ਦਹਿਲੀਜ਼ਾਂ ਨੇ,
ਮੇਰੀ ਪੱਗ ਵਿਚ ਅੜੇ ਹਮੇਸ਼ਾ ਸਰਦਲ ਹੈ।

136- ਮਨ ਦੇ ਬੂਹੇ ਬਾਰੀਆਂ