ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਸ਼ ਦਾ ਸੁਮੇਲ ਕਰਨਾ ਪਏਗਾ। ਤਦ ਹੀ ਉਹ ਕਾਮਯਾਬੀ ਵੱਲ ਵਧ ਸਕਦਾ ਹੈ। ਇਹ ਗੱਲ ਹੇਠਲੇ ਸ਼ੇਅਰ ਵਿਚ ਬਹੁਤ ਖੂਬਸੂਰਤੀ ਤੇ ਉਸਾਰੂ ਢੰਗ ਨਾਲ ਕਹੀ ਗਈ ਹੈ:

ਇਕ ਇਕੱਲਾ ਕੁਝ ਨਹੀਂ ਹੁੰਦਾ ਨਾ ਏਧਰ ਨਾ ਓਧਰ ਦਾ,
ਮੱਥੇ ਨੂੰ ਵੀ ਤੁਰਨਾ ਪੈਂਦਾ ਇਕ ਜੁੱਟ ਹੋ ਕੇ ਬਾਹਵਾਂ ਨਾਲ।

ਅਤੇ ਉਸ ਦਾ ਵਿਸ਼ਵਾਸ ਹੈ ਕਿ ਚੰਗੇ ਤੇ ਕਲਿਆਣਕਾਰੀ ਵਿਚਾਰ ਦਬਾਇਆਂ ਦਬਦੇ ਨਹੀਂ, ਸਾੜਿਆਂ ਸੜਦੇ ਨਹੀਂ। ਆਪਣੇ ਰਾਹ ਤੋਂ ਹਟਦੇ ਨਹੀਂ:

ਬਲਦੀ ਕੇਵਲ ਮਿੱਟੀ ਹੈ ਜਾਂ ਲੱਕੜੀਆਂ,
ਮੜ੍ਹੀਆਂ ਅੰਦਰ ਸੜਦੇ ਨਹੀਂ ਵਿਚਾਰ ਕਦੇ।

ਹਾਲਾਂਕਿ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿਚ ਡਿੱਗੇ ਨੂੰ ਉਠਾਉਣ ਦੀ ਸਮਰੱਥਾ ਹੈ। ਹੌਸਲਾ ਢਾਹੀ ਬੈਠੇ ਨੂੰ ਉਠ ਕੇ ਜੂਝਣ ਦੀ ਪ੍ਰੇਰਣਾ ਦੇਣ ਦੀ ਸ਼ਕਤੀ ਹੈ ਪਰ ਉਹ ਇਸ ਸ਼ਕਤੀ ਨੂੰ ਭਰਮ ਆਖਦਾ ਹੈ। ਸ਼ਾਇਦ ਇਹਦੇ ਪਿਛੇ ਇਜਜ਼ ਦੀ ਭਾਵਨਾ ਹੋਵੇ। ਉਹ ਲਿਖਦਾ ਹੈ:

ਐਵੇਂ ਭਰਮ ਜਿਹਾ ਇਕ ਮਨ ਨੂੰ ਚੌਵੀ ਘੰਟੇ ਡੰਗਦਾ ਹੈ,
ਪੱਥਰਾਂ ਨੂੰ ਪਿਘਲਾ ਸਕਨਾਂ ਮੈਂ ਗ਼ਜ਼ਲਾਂ ਤੇ ਕਵਿਤਾਵਾਂ ਨਾਲ।

ਤੇਰੇ ਪੱਲੇ ਅੱਖਰਾਂ ਬਿਨ ਹੋਰ ਕੀ,
ਆਖਿਆ ਕਈ ਵਾਰ ਮੈਨੂੰ ਘਰਦਿਆਂ।

ਗੁਰਭਜਨ ਗਿੱਲ ਨੇ ਆਪਣੀਆਂ ਗ਼ਜ਼ਲਾਂ ਵਿਚ ਹੋਰਨਾਂ ਵਿਸ਼ਿਆਂ ਦੇ ਨਾਲ ਨਾਲ ਪਿਆਰ ਮੁਹੱਬਤ ਅਤੇ ਮਹਿਬੂਬ ਦੇ ਹੁਸਨ ਨੂੰ ਵੀ ਗ਼ਜ਼ਲਾਂ ਵਿਚ ਪੇਸ਼ ਕੀਤਾ ਹੈ। ਪਰ ਇਸ ਪਰੰਪਰਾਗਤ ਵਿਸ਼ੇ ਤੇ ਸ਼ੇਅਰ ਲਿਖਦਿਆਂ ਉਸ ਨੇ ਬੜੀ ਚੌਕਸੀ ਤੋਂ ਕੰਮ ਲਿਆ ਹੈ। ਸ਼ਾਇਦ ਇਹ ਇਹਤਿਆਤ ਉਹਦੀ ਸ਼ਖ਼ਸੀਅਤ ਦੀ ਹੀ ਤਰਜ਼ਮਾਨੀ ਕਰਦੀ ਹੈ।ਉਹ ਲਿਖਦਾ ਹੈ:

ਬੁੱਕਲ ਵਿਚ ਸਮੋ ਲਿਆ ਭਾਵੇਂ ਮੈਂ ਸਾਰਾ ਬ੍ਰਹਿਮੰਡ ਓ ਯਾਰ।
ਤੇਰੀ ਇਕ ਗਲਵੱਕੜੀ ਬਾਝੋਂ ਪੈਂਦੀ ਨਹੀਓ ਠੰਡ ਓ ਯਾਰ।

ਕਾਲੀ ਰਾਤ ਲਿਸ਼ਕਦੇ ਤਾਰੇ,
ਤੂੰ ਜਿਉਂ ਮਾਂਗ ਸਜਾਈ ਹੋਵੇ।

ਹਵਾ ਹੱਥ ਭੇਜੀਂ ਨਾ ਤੂੰ ਚੇਤਿਆਂ ਦੀ ਡਾਕ,
ਵਾਪਸੀ ਬੇਰੰਗ ਚਿੱਠੀ ਮੁੜੂ ਤੇਰੇ ਘਰੇ।

ਗੁਰਭਜਨ ਗਿੱਲ ਨੇ ਆਪਣੀਆਂ ਗ਼ਜ਼ਲਾਂ ਵਿਚ ਪੰਜਾਬੀ ਭਾਸ਼ਾ ਦਾ ਉਹ ਰੂਪ ਪੇਸ਼ ਕੀਤਾ ਹੈ ਜਿਸ ਤੇ ਹਰ ਪੰਜਾਬੀ ਪਿਆਰੇ ਨੂੰ ਮਾਣ ਕਰਨਾ ਚਾਹੀਦਾ ਹੈ।ਉਸ ਨੇ ਹਿੰਦੀ ਸੰਸਕ੍ਰਿਤ

14- ਮਨ ਦੇ ਬੂਹੇ ਬਾਰੀਆਂ