ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੁਮਾ ਪੰਜਾਬੀ ਭਾਸ਼ਾ ਦੀ ਥਾਂ ਪੰਜਾਬੀ ਦੀ ਮਿੱਟੀ ਨਾਲ ਜੁੜੀ ਹੋਈ ਮੁਹਾਵਰੇਦਾਰ ਭਾਸ਼ਾ ਦਾ ਇਸਤੇਮਾਲ ਕੀਤਾ ਹੈ। ਇਸ ਭਾਸ਼ਾ ਦੇ ਲਫ਼ਜ਼ ਅੰਗੂਰ ਦੇ ਦਾਣਿਆਂ ਵਰਗੇ ਕੋਮਲ ਹਨ। ਮੂੰਹ ਵਿਚ ਪਾਉਂਦਿਆਂ ਹੀ ਉਹਨਾਂ ਦਾਣਿਆਂ ਦੀ ਗੋਲਾਈ ਜੀਭ ਨਾਲ ਕਲੋਲ ਕਰਦੀ ਹੋਈ ਚੰਗੀ ਲੱਗਦੀ ਹੈ। ਫਿਰ ਦਾਣਾ ਚਿੱਥਣ ਤੋਂ ਬਾਅਦ ਉਹਦਾ ਪੂਰਾ ਸੁਆਦ ਮਨ ਆਤਮਾ ਨੂੰ ਹਲੂਣ ਦੇਂਦਾ ਹੈ। ਖਾਣ ਵਾਲਾ ਸਮਝ ਜਾਂਦਾ ਹੈ ਕਿ ਉਸ ਨੇ ਅੰਗੂਰ ਦਾ ਦਾਣਾ ਚੱਬਿਆ ਹੈ ਕੰਕਰ ਨਹੀਂ ਚੱਬਿਆ।

ਗੁਰਭਜਨ ਗਿੱਲ ਨੇ ਅਰਬੀ ਫਾਰਸੀ ਬਹਿਰਾਂ ਦੇ ਨਾਲ ਨਾਲ ਪੰਜਾਬੀ ਲੋਕ ਧੁਨਾਂ ਵਿਚੋਂ ਉਪਜੀਆਂ ਬਹਿਰਾਂ ਜਾਂ ਛੰਦਾਂ ਦਾ ਖੁੱਲ੍ਹ ਕੇ ਇਸਤੇਮਾਲ ਕੀਤਾ ਹੈ। ਉਸ ਨੇ ਕਈ ਗ਼ਜ਼ਲਾਂ ਗੈਰ ਮੁਰੱਦਫ਼ ਵੀ ਲਿਖੀਆਂ ਹਨ। ਇਕ ਗ਼ਜ਼ਲ ਦੀ ਰਦੀਫ਼ ਹੂ ਰੱਖੀ ਹੈ ਜੋ ਸੂਫ਼ੀ ਕਵੀ ਸੁਲਤਾਨ ਬਾਹੂ ਦੇ ਕਲਾਮ ਦੀ ਯਾਦ ਕਰਾਉਂਦੀ ਹੈ। ਇਸ ਰਦੀਫ਼ ਦਾ ਨਿਭਾਅ ਬਹੁਤ ਹੀ ਸੁਚੱਜੇ ਢੰਗ ਨਾਲ ਹੋਇਆ ਹੈ:

ਜੀ ਕਰਦੈ ਆਪਣੇ ਪਿੰਡ ਜਾ ਕੇ ਚੱਬਾਂ ਦੋਧਾ ਛੱਲੀਆਂ ਹੂ।
ਵਰ੍ਹਦੇ ਮੀਂਹ ਵਿਚ ਨੰਗਾ ਦੌੜਾਂ ਮਾਰਾਂ ਝੱਲ ਵਲੱਲੀਆਂ ਹੂ।
ਕੂੰਜਾਂ ਗਈਆਂ ਦੂਰ ਦੇਸ਼ ਨੂੰ ਬੱਚੇ ਦੇ ਕੇ ਮੁੜ ਆਈਆਂ ਨਾ,
ਖਾਲਮ ਖਾਲੀ ਆਲ੍ਹਣਿਆਂ ਵਿਚ ਚੁੱਪ ਨੇ ਟੱਲਮ ਟੱਲੀਆਂ ਹੂ।

ਗ਼ਜ਼ਲ ਦੇ ਹੁਸਨ ਨੂੰ ਚਾਰ ਚੰਨ ਲਾਉਣ ਵਾਸਤੇ ਖ਼ੂਬਸੂਰਤ ਮੁਹਾਵਰੇਦਾਰ ਮਿੱਠੀ ਭਾਸ਼ਾ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ। ਤਸ਼ਬੀਹਾਂ, ਕਨਾਏ, ਇਸਤਿਆਰੇ ਵੀ ਉਸ ਦੇ ਹੁਸਨ ਨੂੰ ਦਿਲਕਸ਼ ਬਣਾਉਂਦੇ ਅਤੇ ਚਾਰ ਚੰਨ ਲਾਉਂਦੇ ਹਨ। ਤਸ਼ਬੀਹ ਸ਼ੇਅਰ ਦਾ ਜ਼ੇਵਰ ਹੈ। ਜਿਸ ਤਰ੍ਹਾਂ ਕੋਈ ਮੁਟਿਆਰ ਢੁਕਵੀਂ ਪੌਸ਼ਾਕ ਨਾਲ ਜ਼ੇਵਰ ਪਾ ਕੇ ਹੂਰ ਪਰੀ ਲੱਗਣ ਲੱਗਦੀ ਹੈ ਉਸੇ ਤਰ੍ਹਾਂ ਤਸ਼ਬੀਹ ਅਤੇ ਇਸਤਿਆਰੇ ਸ਼ੇਅਰ ਦੇ ਹੁਸਨ ਨੂੰ ਦੋਬਾਲਾ ਕਰਦੇ ਹਨ। ਜਿਸ ਤਰ੍ਹਾਂ:

ਉੱਚੇ ਪਰਬਤ ਉੱਤੇ ਸਬਜ਼ ਦਿਆਰ ਖੜ੍ਹੇ।
ਸਾਵੀ ਵਰਦੀ ਪਾ ਕੇ ਪਹਿਰੇਦਾਰ ਖੜ੍ਹੇ।

ਨ੍ਹੇਰੇ ਦੇ ਵਿਚ ਜੰਮੇ ਜਾਏ ਕਿੱਸਰਾਂ ਸੱਚ ਪਛਾਨਣਗੇ,
ਸੂਰਜ ਵੱਲ ਮੂੰਹ ਕੀਤੇ ਬਿਨ ਤੁਰਦਾ ਨ ਪਰਛਾਵਾਂ ਨਾਲ।

ਠੋਕਰੋਂ ਬਚਾਉਂਦਾ ਤੇ ਸੰਭਾਲਦਾ ਹਾਂ ਹਰ ਵੇਲੇ,
ਸੁਪਨਾ ਨਾ ਟੁੱਟ ਜਾਏ ਕੱਚ ਦਾ ਸਮਾਨ ਹੈ।

ਖੋਹ ਲਿਆ ਸੂਰਜ ਸੀ ਜਿਹੜਾ ਰਾਤ ਨੇ,
ਮੋੜ ਦਿੱਤਾ ਦਿਨ ਚੜ੍ਹੇ ਪ੍ਰਭਾਤ ਨੇ।

ਮਨ ਦੇ ਬੂਹੇ ਬਾਰੀਆਂ- 15