ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਇਕ ਬਦਲੋਟੀ ਤੁਰਦੀ ਜਾਂਦੀ ਥਲ ਨੂੰ ਇਕ ਪਲ ਠਾਰ ਗਈ।
ਸਦੀਆਂ ਦੀ ਤੜਪਾਹਟ ਕੰਡਾ ਅਣਖਾਂ ਵਾਲਾ ਮਾਰ ਗਈ।

ਬੰਜਰ ਧਰਤੀ ਰੇਲ ਟਿੱਬੇ ਪੁੰਗਰਿਆ ਸੀ ਆਸ ਦਾ ਬੀਜ,
ਪਾਣੀ ਦੀ ਥਾਂ ਬਦਲੀ ਰਾਣੀ ਗੱਲੀਂ ਬਾਤੀਂ ਸਾਰ ਗਈ।

ਹਿੱਕ 'ਚ ਰਹਿ ਗਏ ਹਾਉਕੇ ਹਾਵੇ ਸੁੱਤੀਆਂ ਆਸਾਂ ਰਾਂਗਲੀਆਂ,
ਜਾਂਦੀ ਹੋਈ ਰਾਤ ਕੁਲਹਿਣੀ ਐਸਾ 'ਨੇਰ੍ਹ ਪਸਾਰ ਗਈ।

ਸਾਡੇ ਪਿੰਡ ਦੇ ਚਿਹਰੇ 'ਤੇ ਉਦਰੇਵਾਂ ਆ ਕੇ ਬੈਠ ਗਿਆ,
ਬੋਹੜਾਂ ਤੇ ਪਿੱਪਲਾਂ ਦੀ ਰੌਣਕ ਜਦ ਤੋਂ ਦਰਿਆ ਪਾਰ ਗਈ।

ਸ਼ਹਿਰਾਂ ਵਾਲੀ ਅੱਗ ਨਾ ਕਿਧਰੇ ਸਾਡੀਆਂ ਜੂਹਾਂ ਘੇਰ ਲਵੇ,
ਡਰਦੀ ਮਾਰੀ ਉੱਡ ਕੇ ਏਥੋਂ ਏਸੇ ਲਈ ਹੈ ਡਾਰ ਗਈ।

ਰਣ-ਖੇਤਰ ਵਿਚ ਖ਼ੂਬ ਲੜੇ ਹਾਂ, ਅਤੇ ਲੜਾਂਗੇ ਵੀ ਆਪਾਂ,
ਹੋਇਆ ਕੀ ਜੇ ਬੇਹਥਿਆਰੀ ਧਿਰ ਸਾਡੀ ਫਿਰ ਹਾਰ ਗਈ।

18- ਮਨ ਦੇ ਬੂਹੇ ਬਾਰੀਆਂ