ਸਮੱਗਰੀ 'ਤੇ ਜਾਓ

ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/20

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਅੰਨ੍ਹੀ ਬੋਲੀ ਰਾਤ ਹਨੇਰੀ ਰਹਿਣ ਦਿਉ।
ਕਾਲਖ਼ ਦੇ ਦਰਿਆ ਨੂੰ ਏਦਾਂ ਵਹਿਣ ਦਿਉ।

ਏਸ ਨਮੋਸ਼ੀ ਨੂੰ ਵੀ ਜੀਣਾ ਚਾਹੁੰਦਾ ਹਾਂ,
ਮੈਨੂੰ ਮੇਰਾ ਹਿੱਸਾ ਆਪੇ ਸਹਿਣ ਦਿਉ।

ਕਿੱਥੋਂ ਕਿੱਥੋਂ ਗਰਕਦਿਆਂ ਨੂੰ ਰੋਕੋਗੇ,
ਜੋ ਢਹਿੰਦਾ ਹੈ ਉਹਨੂੰ ਤਾਂ ਬੱਸ ਢਹਿਣ ਦਿਉ।

ਫ਼ਿਰ ਆਖੋਗੇ ਸਿਲ-ਪੱਥਰ ਹੈ ਕੂੰਦਾ ਨਹੀਂ,
ਮੈਨੂੰ ਅਪਣੀ ਦਰਦ-ਕਹਾਣੀ ਕਹਿਣ ਦਿਉ।

ਨਹਿਰਾਂ ਸੂਏ ਖਾਲ ਤੁਹਾਡੇ ਨੌਕਰ ਨੇ,
ਮੇਰਾ ਇਕ ਦਰਿਆ ਤਾਂ ਵਗਦਾ ਰਹਿਣ ਦਿਉ।

ਹੌਲੀ ਹੌਲੀ ਇਕ ਦਿਨ ਆਪੇ ਨਿੱਤਰੇਗਾ,
ਮਿੱਟੀ ਰੰਗੇ ਪਾਣੀ ਨੂੰ ਹੁਣ ਬਹਿਣ ਦਿਉ।

ਜਗਦਾ ਬੁਝਦਾ ਜੰਗਲ ਹੈ ਇਹ ਆਸਾਂ ਦਾ,
ਦਿਨ ਚੜ੍ਹਦੇ ਤਕ ਬਾਸਾਂ ਨੂੰ ਇੰਞ ਖਹਿਣ ਦਿਉ।

20- ਮਨ ਦੇ ਬੂਹੇ ਬਾਰੀਆਂ