ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸਿਖ਼ਰ ਦੁਪਹਿਰੇ ਕਾਂ-ਅੱਖ ਨਿਕਲੇ ਤੇ ਮੂੰਹ ਜ਼ੋਰ ਹਵਾਵਾਂ,
ਆਲ ਦੁਆਲੇ ਬਲਦਾ ਥਲ ਹੈ ਕਿੱਥੇ ਕਦਮ ਟਿਕਾਵਾਂ।

ਜਿਸਮ ਝੁਲਸਿਆ ਚਿੱਤ ਘਾਬਰਦਾ ਸਾਹ ਵੀ ਬੇ-ਇਤਬਾਰੇ,
ਤਪਦਿਆਂ ਤਾਈਂ ਠਾਰਦੀਆਂ ਨਾ ਹੁਣ ਰੁੱਖਾਂ ਦੀਆਂ ਛਾਵਾਂ।

ਇਹ ਵੀ ਇਕ ਇਤਫ਼ਾਕ ਸਮਝ ਲੈ ਯਾਰਾਂ ਦੀ ਮਸ਼ਹੂਰੀ,
ਅਪਣੇ ਵਲੋਂ ਖ਼ੁਰਾ-ਖੋਜ ਸੀ ਮੇਟ ਗਈਆਂ ਘਟਨਾਵਾਂ।

ਇਸ ਮਹਿਫ਼ਲ ਵਿਚ ਕੌਣ ਸੁਣੇਗਾ ਕੋਇਲਾਂ ਕੀ ਕੂ ਕੂ ਨੂੰ,
ਅੱਜ ਦੀ ਏਸ ਸੰਗੀਤ ਸਭਾ ਵਿਚ ਗੀਤ ਸੁਨਾਉਣੇ ਕਾਵਾਂ।

ਨਿੱਕੀਆਂ ਨਿੱਕੀਆਂ ਘਟਨਾਵਾਂ ਨੇ ਭੰਨਿਆ ਤੁੰਬਿਆ ਏਦਾਂ,
ਮੈਂ ਤਾਂ ਯਾਰੋ ਭੁੱਲ ਗਿਆ ਸਾਂ ਅਪਣਾ ਹੀ ਸਿਰਨਾਵਾਂ।

ਨਾ ਜੀਂਦੇ ਨਾ ਮੋਇਆਂ ਅੰਦਰ ਦੋ-ਚਿੱਤੀ ਨੇ ਘੇਰੇ,
ਕਿੱਥੇ ਤੀਕ ਪੁਚਾ ਛੱਡਿਆ ਏ ਨਿੱਕਿਆਂ ਨਿੱਕਿਆਂ ਚਾਵਾਂ।

22- ਮਨ ਦੇ ਬੂਹੇ ਬਾਰੀਆਂ