ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਅੱਧੀ ਰਾਤੀਂ ਗੋਲੀ ਚੱਲੀ ਵਰਤ ਗਈ ਚੁੱਪ ਚਾਨ।
ਖ਼ਾਲੀ ਸੜਕਾਂ ਛਾਤੀ ਪਿੱਟਣ ਹਉਕੇ ਭਰਨ ਮਕਾਨ।

ਸਾਰੇ ਘਰ ਨੇਰ੍ਹੇ ਵਿਚ ਡੁੱਬੇ ਜਗਦਾ ਨਾ ਕੋਈ ਦੀਵਾ,
ਕੀਕਣ 'ਕੱਲਾ ਬਾਹਰ ਜਾਵਾਂ ਲੈ ਕੇ ਅਪਣੀ ਜਾਨ।

ਧਰਤੀ ਤੇ ਕੁਰਲਾਹਟ ਪਈ ਹੈ ਕੌਣ ਸੁਣੇ ਅਰਜ਼ੋਈ,
ਸਾਡੀਆਂ ਕਣਕਾਂ ਦਾ ਰਖ਼ਵਾਲਾ ਹੈ ਸਰਕਾਰੀ ਸਾਨ੍ਹ॥

ਘੋੜ-ਸਵਾਰ ਬੰਦੂਕਾਂ ਵਾਲੇ ਮੱਲ ਖਲੋਤੇ ਬੂਹੇ,
ਅੰਦਰ ਬਾਹਰ ਲੈਣ ਤਲਾਸ਼ੀ ਅਣਸੱਦੇ ਮਹਿਮਾਨ।

ਉੱਚੀ ਕੰਧ ਨਾਲ ਟਕਰਾ ਕੇ ਸਾਡੀਆਂ ਕੂਕਾਂ ਮੁੜੀਆਂ,
ਕਿਲ੍ਹੇ ਦੇ ਅੰਦਰ ਗੂੰਜ ਰਿਹਾ ਸੀ ਅਪਣਾ ਕੌਮੀ ਗਾਨ।

ਡੁੱਲ੍ਹੇ ਖ਼ੂਨ ਦਾ ਲੇਖਾ ਜੋਖਾ ਕੌਣ ਕਰੇਗਾ ਯਾਰੋ,
ਕਲਮਾਂ ਦੇ ਵੱਲ ਘੂਰ ਰਿਹਾ ਏ ਚੁੱਪ ਕੀਤਾ ਆਸਮਾਨ।

ਮਨ ਦੇ ਬੂਹੇ ਬਾਰੀਆਂ- 23